ਖਾਲਿਸਤਾਨ ਪੱਖੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (SFJ) ਨੇ ਧਰਮਸ਼ਾਲਾ ਵਿੱਚ ਵਿਧਾਨ ਸਭਾ ਦੇ ਗੇਟ ਅੱਗੇ ਖਾਲਿਸਤਾਨ ਦੇ ਝੰਡੇ ਬੰਨ੍ਹਣ ਦੀ ਜ਼ਿੰਮੇਵਾਰੀ ਲਈ ਹੈ। ਹੁਣ ਇੱਕ ਵੀਡੀਓ ਸੰਦੇਸ਼ ਵਿੱਚ SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਧਮਕੀ ਦਿੱਤੀ ਤੇ ਕਿਹਾ ਕਿ ‘ਮੋਹਾਲੀ ਗ੍ਰੇਨੇਡ ਹਮਲੇ ਤੋਂ ਕੁਝ ਸਿੱਖੋ’।
ਇਸ ਦੇ ਨਾਲ ਹੀ ਪੰਨੂ ਨੇ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਨੂੰ ਖਾਲਿਸਤਾਨੀ ਪੱਖੀਆਂ ਨਾਲ ਨਾ ਉਲਝਣ ਦੀ ਚੇਤਾਵਨੀ ਦਿੱਤੀ। ਪੰਨੂ ਨੇ ਕਿਹਾ ਕਿ ਹਮਲਾ ਸ਼ਿਮਲਾ ਹੈੱਡਕੁਆਰਟਰ ‘ਤੇ ਵੀ ਹੋ ਸਕਦਾ ਸੀ। ਅਸੀਂ ਧਰਮਸ਼ਾਲਾ ਵਿੱਚ ਝੰਡਾ ਲਹਿਰਾਇਆ ਸੀ। ਐੱਸਐੱਫਜੇ ਮੁਖੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਤਪੋਵਨ ਵਿਧਾਨ ਸਭਾ ਵਿਚ ਖਾਲਿਸਤਾਨ ਦੇ ਝੰਡੇ ਲਗਾਉਣ ਦੇ ਮਾਮਲੇ ਵਿਚ ਕੋਈ ਕਾਰਵਾਈ ਕਰਦੇ ਹਨ ਤਾਂ ਸਿੱਖ ਫਾਰ ਜਸਟਿਸ ਇਸ ਨੂੰ ਉਲੰਘਣਾ ਸਮਝੇਗੀ ਤੇ ਇਸ ਦੇ ਨਤੀਜਾ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਭੁਗਤਣਾ ਹੋਵੇਗਾ।
ਸੂਬੇ ਵਿਚ ਖਾਲਿਸਤਾਨੀ ਸਮਰਥਕਾਂ ਦੀਆਂ ਲਗਾਤਾਰ ਮਿਲ ਰਹੀਆਂ ਧਮਕੀਆਂ ਨੂੰ ਵੀ ਸਰਕਾਰ ਨੇ ਗੰਭੀਰਤਾ ਨਾਲ ਲਿਆ ਹੈ ਤੇ ਪੁਲਿਸ ਮੁੱਖ ਦਫਤਰ ਵਿਚ ਸੁਰੱਖਿਆ ਨੂੰ ਹੋਰ ਵਧਾਏਗੀ। ਹਿਮਾਚਲ ਵਿਚ ਧਰਮਸ਼ਾਲਾ ਵਿਚ ਵਿਧਾਨ ਸਭਾ ਗੇਟ ‘ਤੇ ਖਾਲਿਸਤਾਨੀ ਝੰਡੇ ਮਿਲਣ ਤੋਂ ਬਾਅਦ ਸਰਹੱਦਾਂ ‘ਤੇ ਚੈਕਿੰਗ ਵਧਾ ਦਿੱਤੀ ਗਈ ਹੈ। ਪੁਲਿਸ ਦਾ ਪਹਿਰਾ ਵਧਿਆ ਹੈ ਤੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਸੋਮਵਾਰ ਸ਼ਾਮ ਮੋਹਾਲੀ ਦੇ ਸੋਹਾਣਾ ‘ਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫਤਰ ਦੀ ਤੀਜੀ ਮੰਜ਼ਿਲ ‘ਤੇ ਰਾਕੇਟ ਨਾਲ ਚੱਲਣ ਵਾਲਾ ਗ੍ਰੇਨੇਡ ਸੁੱਟਿਆ ਗਿਆ। ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਸ ਹਮਲੇ ਨੂੰ ਲੈ ਕੇ ਪੰਨੂੰ ਨੇ ਕਿਹਾ ਕਿ ਮੋਹਾਲੀ ਵਿਖੇ ਹੋਏ ਗ੍ਰਨੇਡ ਹਮਲੇ ਤੋਂ ਸਿੱਖੋ। ਇਹ ਗ੍ਰੇਨੇਡ ਹਮਲਾ ਸ਼ਿਮਲਾ ਹੈੱਡਕੁਆਰਟਰ ‘ਤੇ ਵੀ ਹੋ ਸਕਦਾ ਸੀ।
ਵੀਡੀਓ ਲਈ ਕਲਿੱਕ ਕਰੋ -: