ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਜ਼ਿਲ੍ਹਾ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਐੱਸਜੀਪੀਸੀ ਦੇ ਮੁਲਾਜ਼ਮ ਸਵੇਰੇ 10 ਵਜੇ ਪਲਾਜਾ ਵਿਚ ਇਕੱਠੇ ਹੋਣਗੇ ਤੇ ਕਾਲੀਆਂ ਪਗੜੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕਰਨਗੇ। ਇਸ ਦੇ ਬਾਅਦ ਪੈਦਲ ਮਾਰਚ ਡੀਸੀ ਦਫਤਰ ਵੱਲ ਹੋਵੇਗਾ, ਜਿਥੇ ਡੀਸੀ ਅੰਮ੍ਰਿਤਸਰ ਨੂੰ ਮੈਮੋਰੰਡਮ ਸੌਂਪਿਆ ਜਾਵੇਗਾ।
ਐੱਸਜੀਪੀਸੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਮੇਟੀ ਦਾ ਗਠਨ ਕੀਤਾ ਹੋਇਆ ਹੈ ਜਿਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਮਿਲਣ ਦਾ ਸਮਾਂ ਵੀ ਮੰਗਿਆ ਸੀ ਪਰ ਅਜੇ ਤੱਕ ਕਿਸੇ ਵੀ ਦਫਤਰ ਤੋਂ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ। ਹੁਣ ਇਕ ਪਾਸੇ ਜਿਥੇ ਭਾਰਤ 75ਵਾਂ ਅੰਮ੍ਰਿਤ ਮਹਾਉਤਸਵ ਮਨਾਉਣ ਦੀ ਤਿਆਰੀ ਵਿਚ ਹੈ, ਉਥੇ ਐੱਸਜੀਪੀਸੀ ਨੇ ਬੰਦੀ ਸਿੱਖਾਂ ਲਈ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੋਇਆ ਹੈ।
ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਬੰਦੀ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ ਪਰ ਫਿਰ ਵੀ ਬੰਦੀ ਸਿੰਘ ਜੇਲ੍ਹਾਂ ਵਿਚ ਬੰਦ ਹਨ। ਦੇਸ਼ ਦਾ ਸੰਵਿਧਾਨ ਹਰੇਕ ਨਾਗਰਿਕ ਨੂੰ ਸਮਾਨ ਅਧਿਕਾਰ ਦਿੰਦਾ ਹੈ ਪਰ ਸਿੱਖਾਂ ਪ੍ਰਤੀ ਸਰਕਾਰ ਦਾ ਰਵੱਈਆ ਨਕਾਰਾਤਮਕ ਰਿਹਾ ਹੈ। ਇਸ ਸਿੱਖ ਵਿਰੋਧੀ ਰਵੱਈਏ ਕਾਰਨ ਹੀ ਪਿਛਲੇ 30 ਸਾਲ ਤੋਂ ਕੈਦ ਸਿੰਘਾਂ ਨੂੰ ਨਿਆਂ ਨਹੀਂ ਮਿਲ ਰਿਹਾ ਹੈ।
ਐੱਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਇਕ ਪਾਸੇ ਦੇਸ਼ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ ਦੂਜੇ ਪਾਸੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਸਿੱਖਾਂ ਨੂੰ ਆਪਣੇ ਮੂਲ ਅਧਿਕਾਰਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਸਰਕਾਰ ਦੇ ਇਸ ਭੇਦਭਾਵਪੂਰਨ ਰਵੱਈਆ ਕਾਰਨ ਹੀ ਐੱਸਜੀਪੀਸੀ ਨੇ ਪੂਰੇ ਪੰਜਾਬ ਵਿਚ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: