ਜੇਕਰ ਹੌਸਲਾ ਬੁਲੰਦ ਹੋਵੇ ਤੇ ਕੁਝ ਕਰਨ ਦਾ ਸੁਪਨਾ ਹੋਵੇ ਤਾਂ ਰਸਤੇ ਵਿਚ ਆਉਣ ਵਾਲੀਆਂ ਮੁਸ਼ਕਲਾਂ ਵੀ ਮੰਜ਼ਿਲ ਹਾਸਲ ਕਰਨ ਤੋਂ ਰੋਕ ਨਹੀਂ ਸਕਦੀਆਂ। ਇਸ ਕਹਾਵਤ ਨੂੰ ਸਾਰਥਕ ਕਰਨ ਦੇ ਰਸਤੇ ‘ਤੇ ਹਨ ਸ਼ੋਪਤ ਰਾਮ , ਜਿਨ੍ਹਾਂ ਦੀ ਉਮਰ 27 ਸਾਲ ਹੈ ਪਰ ਕੱਦ ਸਿਰਫ 3 ਫੁੱਟ ਹੈ।
ਅਬੋਹਰ ਦੇ ਪਿੰਡ ਝੋਰੜਖੇੜਾ ਦੇ ਰਹਿਣ ਵਾਲੇ ਸ਼ੋਪਤ ਰਾਮ ਬਹੁਤ ਹੀ ਘੱਟ ਕੱਦ ਹੋਣ ਦੇ ਬਾਵਜੂਦ ਆਈਏਐੱਸ ਬਣਨ ਦਾ ਸੁਪਨਾ ਰੱਖਦੇ ਹਨ ਤੇ ਇਸ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਅੱਗੇ ਵਧ ਰਹੇ ਹਨ। ਆਈਏਐੱਸ ਬਣਨ ਦੇ ਸੁਪਨੇ ਦੇ ਨਾਲ ਹੀ ਉਹ ਨਵੀਆਂ ਬੁਲੰਦੀਆਂ ਨੂੰ ਛੂਹਣ ਦਾ ਹੌਸਲਾ ਰੱਖਦੇ ਹਨ।
ਸ਼ੋਪਤ ਰਾਮ ਪੁੱਤਰ ਦੌਲਤ ਰਾਮ ਗ੍ਰੈਜੂਏਸ਼ਨ ਪੂਰੀ ਕਰ ਚੁੱਕੇ ਹਨ ਤੇ ਇਨ੍ਹੀਂ ਦਿਨੀਂ ਰਾਜਸਥਾਨ ਦੇ ਗੰਗਾਨਗਰ ਵਿਚ ਆਈਏਐੱਸ ਦੀ ਕੋਚਿੰਗ ਲੈ ਰਹੇ ਹਨ। ਉਹ 5 ਭੈਣਾਂ ਤੇ 2 ਭਰਾ ਹਨ। ਮਾਤਾ-ਪਿਤਾ ਬਹੁਤ ਗਰੀਬ ਹਨ। ਦਿਹਾੜੀ ਮਜ਼ਦੂਰੀ ਕਰਕੇ ਘਰ ਦਾ ਖਰਚ ਚਲਾਉਂਦੇ ਹਨ, ਉਨ੍ਹਾਂ ਦੀਆਂ 3 ਭੈਣਾਂ ਵਿਆਹੁਤਾ ਹਨ।
ਸ਼ੋਪਤ ਰਾਮ ਕਹਿੰਦੇ ਹਨ ਕਿ ਆਰਥਿਕ ਤੰਗੀ ਹੋਣ ਦੇ ਬਾਵਜੂਦ ਪਰਿਵਾਰ ਨੇ ਉਸ ਦੇ ਸੁਪਨਿਆਂ ਨੂੰ ਟੁੱਟਣ ਨਹੀਂ ਦਿੱਤਾ। ਵਿਆਹੁਤਾ ਭੈਣਾਂ ਉਸ ਦੀ ਪੜ੍ਹਾਈ ਦਾ ਖਰਚਾ ਚੁੱਕਦੀਆਂ ਹਨ। ਲੋਕ ਬੌਣਾ ਹੋਣ, ਕੱਦ ਛੋਟਾ ਹੋਣ ਦਾ ਤਾਅਣਾ ਮਾਰਦੇ ਹਨ ਪਰ ਲੋਕਾਂ ਦਆਂ ਗੱਲਾਂ ਦਾ ਬੁਰਾ ਨਹੀਂ ਲੱਗਦਾ ਸਗੋਂ ਹਿੰਮਤ ਮਿਲਦੀ ਹੈ।
ਸ਼ੋਪਤ ਰਾਮ ਕਹਿੰਦੇ ਹਨ ਕਿ ਉਹ ਆਈਏਐੱਸ ਬਣ ਕੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਘੱਟ ਕੱਦ ਵਾਲੇ ਨਹੀਂ ਸਗੋਂ ਮੰਜ਼ਿਲ ਪਾਉਣ ਲਈ ਬੁਲੰਦ ਹੌਸਲੇ ਦੀ ਲੋੜ ਹੈ, ਜੋ ਉਨ੍ਹਾਂ ਕੋਲ ਹੈ। ਸ਼ਿਓਪਤ ਕਹਿੰਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਉਸ ਦੇ ਸੁਪਨਿਆਂ ਨੂੰ ਪੰਖ ਦੇ ਰਿਹਾ ਹੈ ਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਇਕ ਦਿਨ ਪੰਖ ਉਡਾਣ ਜ਼ਰੂਰ ਭਰਨਗੇ।
ਸ਼ੋਪਤ ਰਾਮ ਦੇ ਪਿਤਾ ਦੌਲਤਰਾਮ ਕਹਿੰਦੇ ਹਨ ਕਿ ਉਹ ਬਹੁਤ ਗਰੀਬ ਹਨ। ਦਿਹਾੜੀ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਹਨ। ਸ਼ਿਓਪਤ ਦੀ ਇੱਛਾ ਆਈਏਐੱਸ ਅਫਸਰ ਬਣਨ ਦੀ ਹੈ, ਜੇਕਰ ਉਸ ਨੂੰ ਮਦਦ ਮਿਲੇ ਤਾਂ ਉਹ ਅਫਸਰ ਬਣ ਸਕਦਾ ਹੈ। ਉਸ ਦਾ ਖੁਦ ਦਾ ਜੀਵਨ ਸੁਧਰ ਜਾਵੇਗਾ। ਉਸ ਨੂੰ ਵੀ ਬੁਢਾਪੇ ਵਿਚ ਸਹਾਰਾ ਮਿਲ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: