ਚੰਡੀਗੜ੍ਹ: ਪੰਜਾਬ ਵਿੱਚ ਸਿੱਖਿਆ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਲਗਾਤਾਰ ਇੱਕ ਦੂਜੇ ਨੂੰ ਚੁਣੌਤੀ ਦੇ ਰਹੇ ਹਨ। ਪ੍ਰਗਟ ਸਿੰਘ ਨੇ ਮਨੀਸ਼ ਸਿਸੌਦੀਆ ਨੂੰ ਪਿਛਲੇ 5 ਸਾਲਾਂ ਵਿਚ ਦਿੱਲੀ ਦੇ 250 ਸਰਕਾਰੀ ਸਕੂਲਾਂ ਵਿਚ ਹੋਏ ਸੁਧਾਰ ਦੀ ਸੂਚੀ ਜਾਰੀ ਕਰਨ ਦਾ ਚੈਲੰਜ ਦਿੱਤਾ ਸੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ।
ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਲਿਖਿਆ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਅਤੇ ਦਿੱਲੀ ਦੇ ਸਿੱਖਿਆ ਮਾਡਲ ‘ਤੇ ਬਹਿਸ ਹੋਣੀ ਹੈ। ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਪਿਛਲੇ 5 ਸਾਲਾਂ ਵਿੱਚ ਦਿੱਲੀ ਦੇ 250 ਸਰਕਾਰੀ ਸਕੂਲਾਂ ਵਿੱਚ ਹੋਏ ਸੁਧਾਰਾਂ ਨੂੰ ਦੇਖਣਾ ਚਾਹੁੰਦੇ ਹਨ। ਇਸ ਤੋਂ ਬਾਅਦ ਉਹ ਪੰਜਾਬ ਦੇ 250 ਸਰਕਾਰੀ ਸਕੂਲਾਂ ਵਿਚ ਹੋਏ ਸੁਧਾਰਾਂ ਦੀ ਸੂਚੀ ਪੇਸ਼ ਕਰਨ।
ਸਿਸੋਦੀਆ ਨੇ ਅੱਗੇ ਲਿਖਿਆ, ਮੈਂ ਅੱਜ ਦੁਪਹਿਰ 1 ਵਜੇ ਦਿੱਲੀ ਦੇ 250 ਸਕੂਲਾਂ ਦੀ ਸੂਚੀ ਜਾਰੀ ਕਰਾਂਗਾ, ਜਿੱਥੇ ਪਿਛਲੇ 5 ਸਾਲਾਂ ਵਿੱਚ ਸਿੱਖਿਆ ਵਿੱਚ ਜ਼ਬਰਦਸਤ ਸੁਧਾਰ ਹੋਇਆ ਹੈ। ਉਮੀਦ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਜਲਦ ਹੀ ਪੰਜਾਬ ਦੇ 250 ਸਕੂਲਾਂ ਦੀ ਸੂਚੀ ਵੀ ਇਸੇ ਤਰ੍ਹਾਂ ਜਾਰੀ ਕਰਨਗੇ।
ਇਕ ਹੋਰ ਟਵੀਟ ‘ਚ ਉਨ੍ਹਾਂ ਲਿਖਿਆ ਕਿ ਇਸ ਤੋਂ ਬਾਅਦ ਪਰਗਟ ਸਿੰਘ ਅਤੇ ਮੈਂ ਮੀਡੀਆ ਦੇ ਨਾਲ ਦਿੱਲੀ ਅਤੇ ਪੰਜਾਬ ਦੇ 250 ਸਕੂਲਾਂ ‘ਚ ਜਾ ਸਕੀਏ ਅਤੇ ਫਿਰ ਪੰਜਾਬ ਅਤੇ ਦਿੱਲੀ ਦੇ ਸਿੱਖਿਆ ਮਾਡਲ ‘ਤੇ ਖੁੱਲ੍ਹ ਕੇ ਬਹਿਸ ਕਰ ਸਕੀਏ। ਦੋਵਾਂ ਸਿੱਖਿਆ ਮਾਡਲਾਂ ਨੂੰ ਦੇਖ ਕੇ ਪੰਜਾਬ ਦੇ ਵੋਟਰ ਵੋਟ ਪਾ ਕੇ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਮਾਡਲ ਚੁਣ ਸਕਣਗੇ।
ਵੀਡੀਓ ਲਈ ਕਲਿੱਕ ਕਰੋ :-