ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਤੋਂ ਲਾਪ੍ਰਵਾਹੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇਥੇ ਖਾਣਾ ਖਾਣ ਦੇ ਬਾਅਦ ਕਈ ਸਕੂਲੀ ਬੱਚੇ ਬੀਮਾਰ ਪੈ ਗਏ। ਸਾਰਿਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਇਹ ਘਟਨਾ ਸੋਮਵਾਰ ਦੀ ਹੈ। ਬੱਚਿਆਂ ਦੇ ਖਾਣੇ ਵਿਚ ਸੱਪ ਮਿਲਿਆ ਸੀ। ਘਟਨਾ ਦੇ ਸਾਹਮਣੇ ਆਉਣ ਦੇ ਬਾਅਦ ਬੱਚਿਆਂ ਦੇ ਮਾਤਾ-ਪਿਤਾ ਨੇ ਸਕੂਲ ਦਾ ਘੇਰਾਓ ਕੀਤਾ ਤੇ ਆਸ-ਪਾਸ ਖੜ੍ਹੇ ਦੋ ਪਹੀਆ ਵਾਹਨਾਂ ਵਿਚ ਤੋੜਫੋੜ ਕਰ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਮਯੂਰੇਸ਼ਵਰ ਖੰਡ ਦੇ ਇਕ ਪ੍ਰਾਇਮਰੀ ਸਕੂਲ ਦੇ ਲਗਭਗ 30 ਵਿਦਿਆਰਥੀ ਮਿਡ ਡੇ ਮੀਲ ਖਾ ਕੇ ਬੀਮਾਰ ਪੈ ਗਏ। ਭੋਜਨ ਤਿਆਰ ਕਰਨ ਵਾਲੇ ਸਕੂਲ ਦੇ ਇਕ ਮੁਲਾਜ਼ਮ ਨੇ ਦਾਅਵਾ ਕੀਤਾ ਕਿ ਦਾਲ ਨਾਲ ਭਰੇ ਇਕ ਕੰਟੇਨਰ ਵਿਚ ਇਕ ਸੱਪ ਮਿਲਿਆ ਸੀ।
ਉਨ੍ਹਾਂ ਕਿਹਾ ਕਿ ਬੱਚਿਆਂ ਨੇ ਖਾਣਾ ਖਾਣ ਦੇ ਬਾਅਦ ਉਲਟੀ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਬਾਅਦ ਉਨ੍ਹਾਂ ਨੂੰ ਸਾਮਪੁਰ ਹਾਰਟ ਮੈਡੀਕਲ ਕਾਲਜ ਤੇ ਹਸਪਤਾਲ ਲਿਜਾਣਾ ਪਿਆ। ਦੂਜੇ ਪਾਸੇ ਬਲਾਕ ਵਿਕਾਸ ਅਫਸਰ (ਬੀਡੀਓ) ਦਿਪੰਜਨ ਜਾਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਈ ਪਿੰਡ ਵਾਸੀਆਂ ਵੱਲੋਂ ਮਿਡ-ਡੇ-ਮੀਲ ਖਾਣ ਤੋਂ ਬਾਅਦ ਬੱਚਿਆਂ ਦੇ ਬਿਮਾਰ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ।
ਜਾਨਾ ਨੇ ਕਿਹਾ, ਮੈਂ ਪ੍ਰਾਇਮਰੀ ਸਕੂਲਾਂ ਦੇ ਜ਼ਿਲ੍ਹਾ ਅਫਸਰ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕ ਬੱਚੇ ਨੂੰ ਛੱਡ ਕੇ ਸਾਰੇ ਬੱਚਿਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਹ ਖਤਰੇ ਤੋਂ ਬਾਹਰ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਮਾਪਿਆਂ ਨੇ ਸਕੂਲ ਦੇ ਪ੍ਰਿੰਸੀਪਲ ਦਾ ਘਿਰਾਓ ਕਰਕੇ ਉਨ੍ਹਾਂ ਦੇ ਦੋਪਹੀਆ ਵਾਹਨ ਦੀ ਵੀ ਭੰਨਤੋੜ ਕਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: