ਮਹਾਨ ਸਮਾਜ ਸੇਵਕ ਜਿਨ੍ਹਾਂ ਨੇ ਦੀਨ ਦੁਖੀਆਂ, ਲਾਵਾਰਿਸਾਂ ਦੀ ਸੇਵਾ ਸੰਭਾਲ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਪਿੰਗਲਵਾੜਾ ਦੀ ਸਥਾਪਨਾ ਕੀਤੀ ਸੀ, ਦਾ ਅੱਜ ਜਨਮ ਦਿਨ ( 4 ਜੂਨ 1904 – 5 ਅਗਸਤ 1992) ਹੈ।
ਭਗਤ ਪੂਰਨ ਸਿੰਘ, ਜਿਨ੍ਹਾਂ ਦਾ ਪਹਿਲਾ ਨਾਂ ਰਾਮਜੀ ਦਾਸ ਸੀ, ਦਾ ਜਨਮ 4 ਜੂਨ 1904 ਨੂੰ ਛਿੱਬੂ ਮੱਲ ਅਤੇ ਮਹਿਤਾਬ ਕੌਰ ਦੇ ਘਰ ਪਿੰਡ ਰਾਜੇਵਾਲ ਰੇਹਣੋ, ਤਹਿਸੀਲ ਖੰਨਾ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਸ਼ਾਹੂਕਾਰ ਸਨ ਅਤੇ ਮਾਤਾ ਧਾਰਮਿਕ ਬਿਰਤੀ ਦੇ ਮਾਲਿਕ ਸਨ। ਮੁੱਢਲੀ ਵਿੱਦਿਆ ਉਨ੍ਹਾਂ ਨੇ ਪਿੰਡ ਦੇ ਸਰਕਾਰੀ ਸੀਨੀਅਰ ਸਕੂਲ ਖੰਨਾ ਤੋਂ ਪ੍ਰਾਪਤ ਕੀਤੀ। ਦਸਵੀਂ ਜਮਾਤ ਵਿੱਚ ਪੜ੍ਹਦਿਆਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਅਚਾਨਕ ਘਰ ਵਿੱਚ ਗ਼ਰੀਬੀ ਆ ਜਾਣ ਕਾਰਨ ਪੜ੍ਹਾਈ ਵਿਚਾਲੇ ਹੀ ਛੱਡ ਕੇ ਆਪਣੀ ਮਾਂ ਦੇ ਕੋਲ ਲਾਹੌਰ ਜਾਣਾ ਪਿਆ। ਉੱਥੇ ਉਨ੍ਹਾਂ ਦੇ ਮਾਤਾ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜਣ ਦਾ ਕੰਮ ਕਰਦੇ ਸਨ।
ਭਗਤ ਪੂਰਨ ਸਿੰਘ ਦੇ ਜੀਵਨ ਵਿੱਚ ਕ੍ਰਿਸ਼ਮਾ ਉਸ ਵੇਲੇ ਵਾਪਰਿਆ ਜਦੋਂ ਉਹ ਨੌਕਰੀ ਦੀ ਤਲਾਸ਼ ਵਿੱਚ ਗੁਰੂ ਅਰਜਨ ਦੇਵ ਦੀ ਯਾਦਗਾਰ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਵਿੱਚ ਸ਼ਰਨ ਲਈ ਗਏ। ਇੱਥੇ ਬਾਅਦ ਵਿੱਚ ਉਨ੍ਹਾਂ ਨੇ 24 ਸਾਲ ਸੇਵਾ ਕੀਤੀ। ਇੱਥੇ ਹੀ 1934ਈ. ਨੂੰ ਗੁਰਦੁਆਰੇ ਦੇ ਬੂਹੇ ਅੱਗਿਓਂ ਇੱਕ ਗੂੰਗਾ ਅਤੇ ਲੂਲ੍ਹਾ ਬੱਚਾ ਮਿਲਿਆ, ਜਿਸ ਨੇ ਉਨ੍ਹਾਂ ’ਚ ਮੁਹੱਬਤ ਦੀ ਰਹਿਮ ਰੂਪੀ ਚਿਣਗ ਪੈਦਾ ਕੀਤੀ। ਭਗਤ ਪੂਰਨ ਸਿੰਘ ਨੇ ਇਸ ਬੱਚੇ ਦੀ ਸੰਭਾਲ ਕੀਤੀ ਅਤੇ ਇਸ ਬੱਚੇ ਦਾ ਨਾਂ ਮਗਰੋਂ ‘ਪਿਆਰਾ ਸਿੰਘ’ ਰੱਖਿਆ। ਉਨ੍ਹਾਂ ਨੇ 14 ਸਾਲ ਉਸ ਨੂੰ ਮੋਢਿਆਂ ਉੱਤੇ ਚੁੱਕ ਕੇ ਘੁੰਮਾਇਆ ਅਤੇ ਵੱਡਾ ਕੀਤਾ। ਚਿਕਿਤਸਿਕ ਸਮਾਜਿਕ ਸੰਸਥਾ ‘ਪਿੰਗਲਵਾੜਾ’ ਦੀ ਬੁਨਿਆਦ ਵੀ ਸ਼ਾਇਦ ਓਦੋਂ ਹੀ ਰੱਖੀ ਗਈ ਜਦੋਂ ਭਗਤ ਪੂਰਨ ਨੇ ਪਿਆਰਾ ਸਿੰਘ ਨੂੰ ਆਪਣੀ ਦੇਖ-ਰੇਖ ਵਿੱਚ ਲਿਆਂਦਾ ਸੀ। ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਇਸ ਘਟਨਾ ਮਗਰੋਂ ਇੱਕ ਬਹੁਤ ਵੱਡੀ ਸੰਸਥਾ ਜਨਮ ਲੈ ਸਕਦੀ ਹੈ।
1947 ‘ਚ ਉਨ੍ਹਾਂ ਨੇ ਪਿੰਗਲਵਾੜਾ ਸਥਾਪਿਤ ਕੀਤਾ ਤੇ 1957 ‘ਚ ਪਿੰਗਲਵਾੜਾ ਰਜਿਸਟਰ ਕਰਵਾਇਆ । ਭਗਤ ਪੂਰਨ ਸਿੰਘ ਮਹਾਨ ਵਾਤਾਵਰਨ ਚਿੰਤਕ ਸਨ, ਉਨ੍ਹਾਂ ਨੇ ਅਨੇਕਾਂ ਕਿਤਾਬਾਂ ਲਿਖੀਆਂ ਤੇ ਮੁਫ਼ਤ ਵੰਡੀਆਂ ਸਨ। ਉਹ ਪਦਮ ਸ੍ਰੀ ਨਾਲ ਸਨਮਾਨਿਤ ਹੋਏ ਸਨ ਤੇ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਦੇ ਵਿਰੋਧ ‘ਚ ਤਮਗਾ ਵਾਪਸ ਕੀਤਾ ਸੀ। ਇਸ ਤੋਂ ਇਲਾਵਾ 2004 ‘ਚ ਉਨ੍ਹਾਂ ਦੀ ਯਾਦਗਾਰੀ ਡਾਕ-ਟਿਕਟ ਵੀ ਜਾਰੀ ਹੋਈ ਸੀ।
ਦੇਸ਼ ਦੀ ਵੰਡ ਹੋਈ ਅਤੇ ਭਗਤ ਪੂਰਨ ਸਿੰਘ ਨੇ ਉਹ ਕਤਲੋ-ਗਾਰਤ ਆਪਣੀ ਅੱਖੀਂ ਵੇਖੀ ਜੋ 1947 ਵਿੱਚ ਹੋਈ। ਸਭ ਪਾਸਿਓਂ ਉਨ੍ਹਾਂ ਨੂੰ ਲਹੂ-ਲੁਹਾਣ ਹੋਏ ਬੱਚੇ ਅਤੇ ਇਸਤਰੀਆਂ ਨਜ਼ਰ ਆ ਰਹੇ ਸਨ। ਭਗਤ ਪੂਰਨ ਸ਼ਰਨਾਰਥੀਆਂ ਦੇ ਨਾਲ ਅੰਮ੍ਰਿਤਸਰ ਆ ਗਏ। ਉਨ੍ਹਾਂ ਨੂੰ ਇਹ ਵੇਖ ਕੇ ਬੜਾ ਦੁੱਖ ਹੋਇਆ ਕਿ ਜ਼ਖ਼ਮੀ, ਲੂਲ੍ਹੇ-ਲੰਗੜੇ, ਬੇਸਹਾਰਾ ਤੇ ਰੋਗੀ ਸ਼ਰਨਾਰਥੀਆਂ ਦਾ ਹਾਲ ਪੁੱਛਣ ਵਾਲਾ ਕੋਈ ਨਹੀਂ ਸੀ। ਉਨ੍ਹਾਂ ਨੇ ਪਹਿਲਾਂ ਖਾਲਸਾ ਕਾਲਜ ਦੇ ਸਾਹਮਣੇ ਤੰਬੂ ਗੱਡ ਕੇ ਅਪਾਹਜਾਂ ਤੇ ਬੇ-ਸਹਾਰਾ ਲੋਕਾਂ ਨੂੰ ਸੰਭਾਲਿਆ ਅਤੇ ਆਖ਼ਿਰ ਜੀ.ਟੀ. ਰੋਡ ’ਤੇ ਤਹਿਸੀਲ ਨੇੜੇ ਇਮਾਰਤ ਬਣਾ ਕੇ ‘ਪਿੰਗਲਵਾੜਾ’ ਸਥਾਪਿਤ ਕੀਤਾ।
ਉਹ ਸਵੇਰੇ ਦਰਬਾਰ ਸਾਹਿਬ ਵਿੱਚ ਪਿਆਰਾ ਸਿੰਘ ਨੂੰ ਰੇਹੜੀ ਵਿੱਚ ਲਿਟਾ ਕੇ ਆਪਣੇ ਨਾਲ ਲੈ ਕੇ ਆਉਂਦੇ ਤੇ ਸਾਰਾ ਦਿਨ ਸੰਗਤ ਨੂੰ ਆਬਾਦੀ ਦੇ ਵਾਧੇ, ਪਾਣੀ-ਹਵਾ ਦੇ ਦੂਸ਼ਿਤ ਹੋ ਜਾਣ, ਜੰਗਲਾਂ ਦੇ ਕੱਟੇ ਜਾਣ, ਅੰਨ ਸੰਕਟ, ਦਰਿਆਵਾਂ ਦੇ ਗੰਦੇ ਪਾਣੀ, ਗ਼ਰੀਬੀ, ਅਨਪੜ੍ਹਤਾ, ਸੜਕ-ਰੇਲ ਹਾਦਸੇ, ਬੇਰੁਜ਼ਗਾਰੀ, ਧਾਰਮਿਕ ਤੇ ਸਮਾਜਿਕ ਆਦਿ ਕਈ ਸਮੱਸਿਆਵਾਂ ਬਾਰੇ ਇਸ਼ਤਿਹਾਰ ਤੇ ਕਿਤਾਬਚੇ ਵੰਡਦੇ ਅਤੇ ਵਿਚਾਰਾਂ ਕਰਦੇ। ਰਾਤ ਨੂੰ ਪਿਆਰਾ ਸਿੰਘ ਨਾਲ ਵਾਪਿਸ ਪਿੰਗਲਵਾੜੇ ਚਲੇ ਜਾਂਦੇ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਭਗਤ ਪੂਰਨ ਸਿੰਘ ਨੇ ਸਾਰੀ ਜ਼ਿੰਦਗੀ ਬ੍ਰਹਮਚਾਰੀ ਰਹਿ ਕੇ ਦੀਨ, ਦੁਖੀਆਂ, ਰੋਗੀਆਂ ਅਤੇ ਅਪਾਹਿਜਾਂ ਦੀ ਸੇਵਾ ਵਿੱਚ ਆਪਣਾ ਜੀਵਨ ਅਰਪਣ ਕੀਤਾ। ਉਨ੍ਹਾਂ ਦਾ ਆਦਰਸ਼ ਸੀ ਕਿ ਹਰੇਕ ਬੰਦਾ ਹੱਥੀਂ ਕੰਮ ਕਰੇ, ਘਰੇਲੂ ਦਸਤਕਾਰੀਆਂ ਅਪਣਾਏ, ਦਰਖ਼ਤ ਲਾਏ, ਅਪਾਹਜ ਲੋੜਵੰਦਾਂ ਦੀ ਸਹਾਇਤਾ ਕਰੇ। ਉਨ੍ਹਾਂ ਨੂੰ ਅਨੇਕਾਂ ਸੰਸਥਾਵਾਂ ਅਤੇ ਭਾਰਤ ਸਰਕਾਰ ਵੱਲੋਂ ਮਾਨ-ਸਨਮਾਨ ਪ੍ਰਾਪਤ ਹੋਇਆ। 1981 ਈ. ਵਿੱਚ ‘ਪਦਮਸ੍ਰੀ’ ਐਵਾਰਡ, 1990 ਈ. ਵਿੱਚ ਹਾਰਮਨੀ ਐਵਾਰਡ, 1991 ਈ. ਵਿੱਚ ਰੋਗ ਰਤਨ ਐਵਾਰਡ ਅਤੇ 1991 ਵਿੱਚ ਭਾਈ ਘਨ੍ਹੱਈਆ ਐਵਾਰਡ ਮਿਲੇ। ਭਗਤ ਪੂਰਨ ਸਿੰਘ ਦੇ ਦਿਲ ਨੂੰ ਸਾਕਾ ਨੀਲਾ ਤਾਰਾ ਦੀ ਦੁਖਦਾਇਕ ਘਟਨਾ ਤੋਂ ਏਨਾ ਸਦਮਾ ਪਹੁੰਚਿਆ ਕਿ ਇਨ੍ਹਾਂ ਨੇ ਰੋਸ ਵਜੋਂ ਪਦਮ ਵਿਭੂਸ਼ਨ ਐਵਾਰਡ ਵਾਪਿਸ ਕਰ ਦਿੱਤਾ। ਭਗਤ ਪੂਰਨ ਸਿੰਘ 5 ਅਗਸਤ, 1992 ਨੂੰ ਸਦੀਵੀ ਵਿਛੋੜਾ ਦੇ ਗਏ।