ਭਾਰਤ ਤੇ ਸ਼੍ਰੀਲੰਕਾ ਵਿਚ 4 ਮਾਰਚ ਤੋਂ ਮੋਹਾਲੀ ਵਿਚ ਹੋਣ ਵਾਲੇ ਟੈਸਟ ਮੈਚ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਇਹ ਮੈਚ ਸਾਬਕਾ ਕਪਤਾਨ ਵਿਰਾਟ ਕੋਹਲੀ ਦੇ ਕਰੀਅਰ ਦਾ 100ਵਾਂ ਟੈਸਟ ਵੀ ਹੈ। ਇਸ ਨੂੰ ਦੇਖਦੇ ਹੋਏ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਟੈਸਟ ਵਿਚ 50 ਫੀਸਦੀ ਦਰਸ਼ਕਾਂ ਦੀ ਇਜਾਜ਼ਤ ਦੇ ਦਿੱਤੀ ਹੈ। ਪਹਿਲਾ ਇਹ ਮੁਕਾਬਲਾ ਬਿਨਾਂ ਦਰਸ਼ਕਾਂ ਦੇ ਹੋਣਾ ਸੀ।
BCCI ਸਕੱਤਰ ਜੈਸ਼ਾਹ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਇਸ ਬਾਰੇ ਰਾਜ ਕ੍ਰਿਕਟ ਐਸੋਸੀਏਸ਼ਨ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਇਸ ਮੈਚ ਵਿਚ ਦਰਸ਼ਕਾਂ ਦੀ ਇਜਾਜ਼ਤ ਹੋਵੇਗੀ। ਸ਼ਾਹ ਨੇ ਕਿਹਾ ਕਿ ਉਹ ਵਿਰਾਟ ਦੇ 100ਵੇਂ ਟੈਸਟ ਨੂੰ ਲੈ ਕੇ ਉਤਸ਼ਾਹਿਤ ਹਨ ਅਤੇ ਉਨ੍ਹਾਂ ਨੂੰ ਇਸ ਮਾਈਲ ਸਟੋਨ ਤਕ ਪਹੁੰਚਣ ਲਈ ਸ਼ੁੱਭਕਾਮਨਾਵਾਂ ਦਿੰਦੇ ਹਨ।
ਸ਼੍ਰੀਲੰਕਾ ਖਿਲਾਫ ਤਿੰਨ ਮੈਚਾਂ ਟੀ-20 ਸੀਰੀਜ ਦੇ ਆਖਰੀ ਦੋ ਮੁਕਾਬਲੇ ਧਰਮਸ਼ਾਲਾ ਵਿਚ ਖੇਡੇ ਗਏ ਸਨ। ਇਥੇ ਦਰਸ਼ਕਾਂ ਦੀ ਇਜਾਜ਼ਤ ਸੀ। ਪਹਿਲਾ ਮੈਚ ਲਖਨਊ ਵਿਚ ਸੀ। ਵਿਰਾਟ ਕੋਹਲੀ 100ਵੇਂ ਟੈਸਟ ਖੇਡਣ ਵਾਲੇ ਭਾਰਤ ਦੇ 12ਵੇਂ ਕ੍ਰਿਕਟਰ ਬਣਨਗੇ। ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ, ਰਾਹੁਲ ਦ੍ਰਿਵੜ, ਵੀਵੀਐੱਸ ਲਕਸ਼ਮਣ, ਅਨਿਲ ਕੁੰਬਲੇ, ਕਪਿਲ ਦੇਵ, ਸੁਨੀਲ ਗਵਾਸਕਰ, ਦਿਲੀਪ ਵੇਂਗਸਰਕਰ, ਸੌਰਵ ਗਾਂਗੁਲੀ, ਈਸ਼ਾਂਤ ਸ਼ਰਮਾ, ਹਰਭਜਨ ਸਿੰਘ ਤੇ ਵੀਰੇਂਦਰ ਸਹਿਵਾਗ 100 ਜਾਂ ਇਸ ਤੋਂ ਵੱਧ ਟੈਸਟ ਮੈਚ ਖੇਡ ਚੁੱਕੇ ਹਨ।