ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਜਗਰਾਓਂ ਪੁਲ ਤੋਂ ਜਲੰਧਰ ਬਾਈਪਾਸ ਵੱਲ ਜਾਣ ਵਾਲੇ ਐਲੀਵੇਟਿਡ ਫਲਾਈਓਵਰ ‘ਤੋਂ ਕਈ ਲੋਕਾਂ ਦੇ ਮੌਤ ਦੇ ਮਾਮਲੇ ਸਾਹਮਣੇ ਆਏ ਹਨ। ਸੂਚਨਾ ਮੁਤਾਬਕ ਇਸ ਪੁਲ ‘ਤੇ ਇਕ ਸਾਲ ‘ਚ ਕਰੀਬ 4-5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਮੱਦੇਨਜ਼ਰ ਹੁਣ ਟਰੈਫਿਕ ਪੁਲਿਸ ਵੱਲੋਂ ਇਸ ਪੁਲ ’ਤੇ ਸਪੀਡ ਰਾਡਾਰ ਮੀਟਰ ਲਗਾ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਹੁਣ ਹਫਤੇ ‘ਚ ਕਰੀਬ 3 ਤੋਂ 4 ਦਿਨ ਇਸ ਪੁਲ ‘ਤੇ ਸਪੀਡ ਰਾਡਾਰ ਮੀਟਰ ਲਗਾਏ ਜਾਣਗੇ, ਤਾਂ ਜੋ ਤੇਜ਼ ਰਫਤਾਰ ਵਾਹਨ ਚਾਲਕਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ। ਪੁਲ ’ਤੇ ਚਾਲਕਾਂ ਵੱਲੋਂ ਜੇਕਰ ਗੱਡੀ ਦੀ ਸਪੀਡ 60 ਤੋਂ ਵੱਧ ਹੈ, ਤਾਂ ਸਪੀਡ ਮੀਟਰ ਤੁਰੰਤ ਇਸ ਨੂੰ ਨੋਟ ਕਰੇਗਾ। ਇਸ ਦੇ ਨਾਲ ਹੀ ਪੁਲ ‘ਤੇ ਤੇਜ਼ ਰਫਤਾਰ ਨਾਲ ਵਾਹਨ ਚਲਾਉਣ ‘ਤੇ ਚਲਾਨ ਵੀ ਕੱਟਿਆ ਜਾਵੇਗਾ।
ਦੱਸਿਆ ਜਾ ਰਿਹਾ ਹੈ ਇਸ ਪੁਲ ‘ਤੇ ਪਿਛਲੇ 2 ਸਾਲਾਂ ‘ਚ ਕਰੀਬ 10 ਤੋਂ 15 ਲੋਕ ਜ਼ਖਮੀ ਹੋ ਚੁੱਕੇ ਹਨ। ਇਸ ਲਈ ਇਸ ਪੁਲ ਨੂੰ ਖੂਨੀ ਪੁਲ ਵੀ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਇਹ ਬਣਾਇਆ ਗਿਆ ਸੀ ਤਾਂ ਇਸ ਦੇ ਸਾਈਡਾਂ ਨੂੰ ਢੱਕਿਆ ਨਹੀਂ ਗਿਆ ਸੀ, ਜਿਸ ਕਾਰਨ ਕਰੀਬ 1 ਮਹੀਨੇ ਵਿੱਚ 4 ਤੋਂ 6 ਲੋਕ ਪੁਲ ਤੋਂ ਹੇਠਾਂ ਡਿੱਗ ਕੇ ਮਰ ਗਏ ਸਨ। ਹਾਦਸਿਆਂ ਦੀ ਵਧਦੀ ਗਿਣਤੀ ਤੋਂ ਬਾਅਦ ਸਮਾਜਿਕ ਜਥੇਬੰਦੀਆਂ ਨੇ ਪੁਲ ਨੂੰ ਲੋਹੇ ਦੀਆਂ ਚਾਦਰਾਂ ਨਾਲ ਢੱਕ ਦਿੱਤਾ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਮੈਟਰੋ ਅਤੇ ਹੋਰ ਕੰਮਾਂ ‘ਤੇ ਖਰਚੇ ਜਾਣਗੇ 4600 ਕਰੋੜ ਰੁਪਏ, ਪੰਜਾਬ-ਹਰਿਆਣਾ ਤੋਂ ਮਿਲੀ ਮਨਜ਼ੂਰੀ
ਸੀਨੀਅਰ ਟਰੈਫਿਕ ਅਧਿਕਾਰੀਆਂ ਮੁਤਾਬਕ ਸਭ ਤੋਂ ਵੱਧ ਘਾਤਕ ਸੜਕ ਹਾਦਸੇ ਮੁੱਖ ਮਾਰਗਾਂ ’ਤੇ ਵਾਪਰੇ ਹਨ। ਸ਼ਹਿਰ ਵਿੱਚ ਅਜਿਹਾ ਕੋਈ ਵੱਡਾ ਸੜਕ ਹਾਦਸਾ ਨਹੀਂ ਵਾਪਰਿਆ ਹੈ। ਅੰਦਰੂਨੀ ਸ਼ਹਿਰ ਵਿੱਚ ਦੋਪਹੀਆ ਵਾਹਨ ਚਲਾਉਂਦੇ ਸਮੇਂ ਹੈਲਮੇਟ ਨਾ ਪਾਉਣਾ ਹਾਦਸਿਆਂ ਦਾ ਵੱਡਾ ਕਾਰਨ ਹੈ। ਫਿਲਹਾਲ ਟਰੈਫਿਕ ਪੁਲਿਸ ਸੜਕ ਹਾਦਸਿਆਂ ਨੂੰ ਘੱਟ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: