ਚੰਡੀਗੜ੍ਹ: ਖੇਡ ਮੰਤਰੀ ਪਰਗਟ ਸਿੰਘ ਨੇ ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਬਹੁਤ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਅਤੇ ਕੋਚਾਂ ਨੂੰ 2 ਸਾਲਾਂ ਲਈ ਨਗਦ ਇਨਾਮਾਂ ਦੇਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸਾਲ 2018-19 ਅਤੇ 2019-20 ਲਈ 3000 ਤੋਂ ਵੱਧ ਖਿਡਾਰੀਆਂ ਨੂੰ ਕੁੱਲ 11 ਕਰੋੜ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
ਖੇਡ ਮੰਤਰੀ ਵੱਲੋਂ ਪੰਜਾਬ ਭਵਨ ਵਿਖੇ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ। ਮੀਟਿੰਗ ਵਿੱਚ ਸਕੱਤਰ ਖੇਡਾਂ ਅਜੋਏ ਸ਼ਰਮਾ, ਡਾਇਰੈਕਟਰ ਪਰਮਿੰਦਰ ਸਿੰਘ, ਸਕੱਤਰ ਜਨਰਲ ਪੰਜਾਬ ਓਲੰਪਿਕ ਐਸੋਸੀਏਸ਼ਨ ਰਾਜਾ ਕੇ.ਐਸ. ਸਿੱਧੂ, ਖੇਡ ਮਾਹਰ ਅਤੇ ਕਮੇਟੀ ਮੈਂਬਰ ਅਰਜੁਨ ਐਵਾਰਡੀ ਕਰਨਲ ਬਲਬੀਰ ਸਿੰਘ ਅਤੇ ਜੈਪਾਲ ਸਿੰਘ ਤੋਂ ਇਲਾਵਾ ਡਿਪਟੀ ਡਾਇਰੈਕਟਰ ਸਪੋਰਟਸ ਅਥਾਰਟੀ ਆਫ਼ ਇੰਡੀਆ ਸ਼ਾਮਲ ਸਨ।
ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਬਿਆਨ ਵਿੱਚ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਅੰਤਰਰਾਸ਼ਟਰੀ ਪੱਧਰ ਤੱਕ ਵੱਖ -ਵੱਖ ਖੇਡਾਂ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਖੇਡ ਨੀਤੀ ਅਨੁਸਾਰ ਨਕਦ ਇਨਾਮਾਂ ਨਾਲ ਨਿਵਾਜਣ ਲਈ ਵਚਨਬੱਧ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 2 ਸਾਲਾਂ ਤੋਂ ਪੈਂਡਿੰਗ ਪਏ ਇਹ ਪੁਰਸਕਾਰ ਇੱਕ ਮਹੀਨੇ ਦੇ ਅੰਦਰ ਦਿੱਤੇ ਜਾਣਗੇ ਅਤੇ ਖਿਡਾਰੀਆਂ ਅਤੇ ਕੋਚਾਂ ਦੀ ਸੂਚੀ ਨੂੰ ਕੁਝ ਦਿਨਾਂ ਵਿੱਚ ਅੰਤਿਮ ਰੂਪ ਦੇ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
ਬੇਅਦਬੀ ਕਰਨ ਵਾਲੇ ਬੰਦੇ ਦਾ ਸੋਧਾ ਲਾਉਣ ਵਾਲੇ ਨਿਹੰਗ ਸਿੰਘ ਦਾ ਪਰਿਵਾਰ ਆਇਆ ਸਾਹਮਣੇ, ਦੱਸੀ ਪੂਰੀ ਸਚਾਈ
ਖੇਡ ਮੰਤਰੀ ਨੇ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਕੋਈ ਵੀ ਖਿਡਾਰੀ ਜਿਸਨੇ ਪੰਜਾਬ ਲਈ ਨਾਮਣਾ ਖੱਟਿਆ ਹੋਵੇ, ਨੂੰ ਨਕਦ ਇਨਾਮ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਪਿੱਛੇ ਨਹੀਂ ਰਹਿਣਾ ਚਾਹੀਦਾ। ਵੇਰਵੇ ਦਿੰਦਿਆਂ ਉਨ੍ਹਾਂ ਕਿਹਾ ਕਿ 1000 ਤੋਂ ਵੱਧ ਖਿਡਾਰੀ ਅਤੇ ਕੋਚ ਨਕਦ ਇਨਾਮ ਪ੍ਰਾਪਤ ਕਰਨਗੇ ਜਦੋਂ ਕਿ ਸਾਲ 2019-20 ਲਈ 2000 ਤੋਂ ਵੱਧ ਖਿਡਾਰੀ ਅਤੇ ਕੋਚ ਸਨਮਾਨ ਪ੍ਰਾਪਤ ਕਰਨਗੇ।
ਇੱਕ ਹੋਰ ਫੈਸਲੇ ਵਿੱਚ, ਪਰਗਟ ਸਿੰਘ ਨੇ ਪੁਰਸਕਾਰ ਜੇਤੂਆਂ ਅਤੇ ਪੰਜਾਬ ਨਾਲ ਸਬੰਧਤ ਸਾਬਕਾ ਓਲੰਪਿਅਨਸ ਦੀ ਬੈਠਕ ਬੁਲਾਉਣ ਦਾ ਫੈਸਲਾ ਕੀਤਾ ਜਿਸ ਵਿੱਚ ਉਹਨਾਂ ਨੂੰ ਦਰਪੇਸ਼ ਮੁੱਦਿਆਂ ਉੱਤੇ ਚੰਗੀ ਤਰ੍ਹਾਂ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਖੇਡਾਂ ਲਈ ਸੁਖਾਵਾਂ ਮਾਹੌਲ ਬਣਾਉਣ ਲਈ ਸੁਝਾਅ ਲਏ ਜਾਣਗੇ। ਇਸੇ ਸਬੰਧ ਵਿੱਚ, ਹੋਰ ਓਲੰਪਿਕ ਐਸੋਸੀਏਸ਼ਨਾਂ ਦੇ ਨਾਲ ਵਧੇਰੇ ਮਜ਼ਬੂਤ ਤਾਲਮੇਲ ਬਣਾਉਣ ਲਈ ਪੰਜਾਬ ਓਲੰਪਿਕ ਐਸੋਸੀਏਸ਼ਨ ਨਾਲ ਇੱਕ ਮੀਟਿੰਗ ਵੀ ਕੀਤੀ ਜਾਵੇਗੀ।