ਮਿਜ਼ੋਰਮ ਦੇ ਹਨਥਿਆਲ ਜ਼ਿਲ੍ਹੇ ਵਿਚ ਇਕ ਪੱਥਰ ਦੀ ਖੱਡ ਢਹਿ ਗਈ। ਹਾਦਸੇ ਵਿਚ 12 ਮਜ਼ਦੂਰਾਂ ਦੇ ਫਸੇ ਹੋਣ ਦੀ ਸ਼ੰਕਾ ਹੈ। ਘਟਨਾ ਮੌਦੜ ਇਲਾਕੇ ਵਿਚ ਦੁਪਹਿਰ ਲਗਭਗ 3 ਵਜੇ ਹੋਈ। ਬਚਾਅ ਟੀਮਾਂ ਨੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਮੀਡੀਆ ਰਿਪੋਰਟਸ ਵਿਚ ਸਾਰੇ ਮਜ਼ਦੂਰ ਬਿਹਾਰ ਦੇ ਦੱਸੇ ਜਾ ਰਹੇ ਹਨ।
ਐੱਸਪੀ ਵਿਨੀਤ ਕੁਮਾਰ ਨੇ ਦੱਸਿਆ ਕਿ ਹਾਦਸੇ ਸਮੇਂ ABCIL ਇੰਫਰਾਸਟ੍ਰਕਚਰ ਪ੍ਰਾਈਵੇਟ ਲਿਮਟਿਡ ਦੇ 13 ਮਜ਼ਦੂਰ ਖੱਡ ਵਿਚ ਕੰਮ ਕਰ ਰਹੇ ਸਨ। ਇਕ ਮਜ਼ਦੂਰ ਉਥੋਂ ਭੱਜਣ ਵਿਚ ਸਫਲ ਰਿਹਾ ਪਰ 12 ਮਜ਼ਦੂਰ ਨਹੀਂ ਨਿਕਲ ਸਕੇ। ਉਹ ਮਲਬੇ ਵਿਚ ਫਸ ਗਏ। ਸ਼ਾਮ 7.30 ਵਜੇ ਤੱਕ ਕਿਸੇ ਵੀ ਮਜ਼ਦੂਰ ਨੂੰ ਕੱਢਣ ਵਿਚ ਸਫਲਤਾ ਨਹੀਂ ਮਿਲੀ ਹੈ।
ਇਹ ਖਾਨ ਪਿਛਲੇ ਢਾਈ ਸਾਲਾਂ ਤੋਂ ਚਾਲੂ ਹੈ। ਸੂਤਰਾਂ ਮੁਤਾਬਕ ਮਜ਼ਦੂਰ ਦੁਪਹਿਰ ਦਾ ਖਾਣਾ ਖਾ ਕੇ ਵਾਪਸ ਪਰਤੇ ਹੀ ਸਨ ਕਿ ਖੱਡ ਡਿੱਗ ਗਈ ਅਤੇ ਉਹ ਹੇਠਾਂ ਫਸ ਗਏ। ਮਜ਼ਦੂਰਾਂ ਦੇ ਨਾਲ-ਨਾਲ 5 ਖੁਦਾਈ ਮਸ਼ੀਨਾਂ ਅਤੇ ਕਈ ਡਰਿਲਿੰਗ ਮਸ਼ੀਨਾਂ ਵੀ ਖਾਨ ਵਿੱਚ ਦੱਬ ਗਈਆਂ ਹਨ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ, ਸੀਮਾ ਸੁਰੱਖਿਆ ਬਲ ਅਤੇ ਅਸਾਮ ਰਾਈਫਲਜ਼ ਬਚਾਅ ਕਾਰਜ ‘ਚ ਲੱਗੇ ਹੋਏ ਹਨ। ਨੇੜਲੇ ਲੀਤੇ ਪਿੰਡ ਅਤੇ ਹੰਥਿਆਲ ਸ਼ਹਿਰ ਦੇ ਲੋਕ ਬਚਾਅ ਕਾਰਜ ਵਿੱਚ ਮਦਦ ਕਰ ਰਹੇ ਹਨ।
ਮੈਡੀਕਲ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ ਹਨ। ਇਲਾਕੇ ਦੇ ਜਾਣਕਾਰ ਲੋਕਾਂ ਨੇ ਦੱਸਿਆ ਕਿ ਮਾਈਨ ਉਸ ਸਮੇਂ ਡਿੱਗ ਗਈ ਜਦੋਂ ਮਜ਼ਦੂਰ ਇਸ ਨੂੰ ਤੋੜ ਕੇ ਪੱਥਰ ਇਕੱਠੇ ਕਰ ਰਹੇ ਸਨ। ਯੰਗ ਮਿਜ਼ੋ ਐਸੋਸੀਏਸ਼ਨ ਦੇ ਵਲੰਟੀਅਰ ਆਸ-ਪਾਸ ਦੇ ਪਿੰਡਾਂ ਤੋਂ ਉੱਥੇ ਪੁੱਜੇ ਅਤੇ ਬਚਾਅ ਕਾਰਜ ਵਿੱਚ ਮਦਦ ਕੀਤੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮਜ਼ਦੂਰਾਂ ਨੇ ਪਹਾੜ ਨੂੰ ਕਾਫੀ ਡੂੰਘਾਈ ਤੱਕ ਤੋੜ ਦਿੱਤਾ ਸੀ, ਜਿਸ ਕਾਰਨ ਪਹਾੜੀ ਉਨ੍ਹਾਂ ‘ਤੇ ਡਿੱਗ ਗਈ। ਇੱਕ ਵਲੰਟੀਅਰ ਵਾਨਲਾਲਜੁਆ ਨੇ ਕਿਹਾ ਕਿ ਸ਼ੁਰੂ ਵਿੱਚ ਇੱਕ ਜਾਂ ਦੋ ਪੱਥਰ ਡਿੱਗੇ। ਇਸ ਤੋਂ ਬਾਅਦ ਕੁਝ ਮਜ਼ਦੂਰ ਉਥੋਂ ਭੱਜ ਗਏ ਪਰ ਬਾਕੀ ਸਾਰੇ ਉੱਥੇ ਹੀ ਫਸ ਗਏ। ਮਲਬੇ ‘ਚ ਫਸੇ ਲੋਕਾਂ ਨੂੰ ਕੱਢਣਾ ਮੁਸ਼ਕਿਲ ਹੋ ਰਿਹਾ ਹੈ ਕਿਉਂਕਿ ਪੂਰੀ ਪਹਾੜੀ ਦੀ ਮਿੱਟੀ ਉਨ੍ਹਾਂ ਮਜ਼ਦੂਰਾਂ ‘ਤੇ ਆ ਡਿੱਗੀ ਹੈ। ਹੰਥਿਆਲ ਦੇ ਹਸਪਤਾਲ ਵਿੱਚ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਐਂਬੂਲੈਂਸਾਂ ਨੂੰ ਵੀ ਮੌਕੇ ‘ਤੇ ਪਹੁੰਚਾਇਆ ਗਿਆ ਹੈ।