ਪੰਜਾਬ ਦੇ ਫਗਵਾੜਾ ਸ਼ਹਿਰ ਵਿਚ ਸ਼ੂਗਰ ਮਿੱਲ ਦੇ ਸਾਹਮਣੇ ਹਾਈਵੇ ‘ਤੇ ਧਰਨਾ ਲਗਾ ਕੇ ਬੈਠੇ ਕਿਸਾਨਾਂ ਫਿਲਹਾਲ ਕਿਸੇ ਵੱਡੇ ਐਕਸ਼ਨ ਦੀ ਯੋਜਨਾ ਨੂੰ ਟਾਲ ਦਿੱਤਾ ਹੈ। ਵੱਡਾ ਅੰਦੋਲਨ ਇਸ ਲਈ ਟਾਲਿਆ ਗਿਆ ਹੈ ਕਿਉਂਕਿ ਪੰਜਾਬ ਸਰਕਾਰ ਦੀ ਹਰਿਆਣਾ ਦੇ ਭੂਨਾ (ਫਤਿਆਬਾਦ) ਵਿਚ ਜੋ ਸ਼ੂਗਰ ਮਿੱਲ ਸੀ, ਉਹ ਵਿਕ ਗਈ ਹੈ। ਉਸ ਦੀ ਰਜਿਸਟਰੀ ਵੀ ਹੋ ਗਈ ਹੈ। ਅਜਿਹੇ ਵਿਚ ਹੁਣ ਜਲਦ ਹੀ ਕਿਸਾਨਾਂ ਨੂੰ ਪੈਸੇ ਮਿਲ ਜਾਣਗੇ।
ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਸੋਸ਼ਲ ਮੀਡੀਆ ਹੈਂਡਲਸ ‘ਤੇ ਜਾਣਕਾਰੀ ਸਾਂਝੀ ਕਰਦਿਆਂ ਕਿਸਾਨਾਂ ਨੂੰ ਕਿਹਾ ਹੈ ਕਿ ਹਰਿਆਣਾ ਦੇ ਭੂਨਾ ਸ਼ਹਿਰ ਫਤਿਆਬਾਦ ਵਿਚ ਪੰਜਾਬ ਸਰਕਾਰ ਨੇ ਆਪਣੀ ਜ਼ਮੀਨ ਵੇਚੀ ਸੀ ਜਿਸ ਦੀ ਰਜਿਸਟਰੀ ਦਾ ਕੰਮ ਕਾਫੀ ਤੋਂ ਫਸਿਆ ਹੋਇਆ ਸੀ। ਇਸ ਜ਼ਮੀਨ ਦੇ ਵਿਕਣ ਦੇ ਬਾਅਦ ਜੋ ਪੈਸਾ ਆਏਗਾ, ਉਹ ਗੰਨਾ ਕਿਸਾਨਾਂ ਦੇ ਖਾਤੇ ਵਿਚ ਪਾ ਦਿੱਤਾ ਜਾਵੇਗਾ।
ਕਿਸਾਨ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਹਰਿਆਣਾ ਵਿਚ ਰਜਿਸਟਰੀ ਦੇ ਕੰਮ ਨੂੰ ਸਿਰੇ ਲਗਾਉਣ ਲਈ ਸਰਕਾਰ ਨੇ ਪੰਜਾਬ ਦੇ ਕਿਸਾਨ ਨੇਤਾਵਾਂ ਦੀ ਇਕ ਕਮੇਟੀ ਬਣਾਈ ਸੀ। ਇਸ ਕਮੇਟੀ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਦੁਆਬਾ ਦੇ ਸੀਨੀਅਰ ਉਪ ਪ੍ਰਧਾਨ ਕ੍ਰਿਪਾਲ ਸਿੰਘ ਮੂਸਾਪੁਰ, ਹਰਪ੍ਰੀਤ ਸਿੰਘ ਸਲਾਰਪੁਰ, ਬਲਜੀਤ ਸਿੰਘ ਹਰਦਾਸਪੁਰ, ਮੇਜਰ ਸਿੰਘ ਅਠੌਲੀ, ਮਨਜੀਤ ਸਿੰਘ ਲੱਲੀਆਂ ਤੇ ਸੰਤੋਖ ਸਿੰਘ ਲਖਪੁਰ ਸ਼ਾਮਲ ਸਨ।
ਇਹ ਵੀ ਪੜ੍ਹੋ : ਚੰਡੀਗੜ੍ਹ ਕੰਜ਼ਿਊਮਰ ਕੋਰਟ ਨੇ ਪੰਜਾਬ ਸਰਕਾਰ ‘ਤੇ ਲਾਇਆ 1 ਲੱਖ ਦਾ ਜੁਰਮਾਨਾ, ਵਿਆਜ ਸਣੇ ਕੋਰਟ ਖਰਚ ਭਰਨ ਦੇ ਵੀ ਹੁਕਮ
ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕਮੇਟੀ ਨੇ ਜ਼ਮੀਨ ਦੀ ਰਜਿਸਟਰੀ ਦੇ ਕੰਮ ਨੂੰ ਕਰਵਾ ਦਿੱਤਾ ਹੈ। ਫਗਵਾੜਾ ਵਿਚ ਜਿੰਨੇ ਵੀ ਕਿਸਾਨ ਧਰਨੇ ‘ਤੇ ਬੈਠੇ ਹਨ, ਉਨ੍ਹਾਂ ਦਾ ਸੰਘਰਸ਼ ਕਾਮਯਾਬ ਹੋ ਗਿਆ ਹੈ। ਫਿਲਹਾਲ ਕੋਈ ਵੱਡਾ ਅੰਦੋਲਨ ਟਾਲ ਦਿੱਤਾ ਗਿਆ ਹੈ। ਫਗਵਾੜਾ ਦੇ ਸਾਹਮਣੇ ਹਾਈਵੇ ‘ਤੇ ਧਰਨਾ ਉਂਝ ਹੀ ਚੱਲਦਾ ਰਹੇਗਾ। ਅਜੇ ਕੁਝ ਹੋਰ ਮੰਗਾਂ ਹਨ, ਜੋ ਪੂਰੀਆਂ ਹੋਣੀਆਂ ਬਾਕੀ ਹਨ। ਅੱਗੇ ਦੀ ਰੂਪਰੇਖਾ 4 ਸਤੰਬਰ ਨੂੰ ਦਿੱਲੀ ਵਿਚ ਹੋਣ ਜਾ ਰਹੀ ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਵਿਚ ਤੈਅ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: