ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਉਡੀਕ ਦਾ ਸਮਾਂ ਖਤਮ ਹੋਇਆ। ਵੀਰਵਾਰ ਨੂੰ ਨਤੀਜੇ ਪੰਜਾਬੀਆਂ ਦੇ ਸਾਹਮਣੇ ਆ ਰਹੇ ਹਨ। ਸਾਰੀਆਂ ਪਾਰਟੀਆਂ ਨਤੀਜਿਆਂ ਨੂੰ ਲੈ ਕੇ ਉਤਸ਼ਾਹਿਤ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਚੋਣ ਨਤੀਜਿਆਂ ਨੂੰ ਲੈ ਕੇ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਆਪਣੇ ਬਲਬੂਤੇ ਸਰਕਾਰ ਬਣਾਏਗਾ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਪਾਰਟੀ ਨੁੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਵੇਗਾ ਤੇ ਇਹ 20 ਦਾ ਅੰਕੜਾ ਪਾਰ ਨਹੀਂ ਕਰੇਗੀ।
ਅਕਾਲੀ ਦਲ ਦੇ ਪ੍ਰਧਾਨ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਨਾਲ ਇਥੇ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਪੰਥ ਅਤੇ ਪੰਜਾਬ ਦੀ ਆਵਾਜ਼ ਹੈ। ਉਹਨਾਂ ਕਿਹਾ ਕਿ ਸਾਨੁੰ ਆਸ ਹੈ ਕਿ ਸੂਬੇ ਦੇ ਲੋਕ ਸਾਨੁੰ ਸੂਬੇ ਦੀ ਸੇਵਾ ਦਾ ਇਕ ਹੋਰ ਮੌਕਾ ਦੇਣਗੇ ਤਾਂ ਜੋ ਅਸੀਂ ਸੂਬੇ ਨੁੰ ਸ਼ਾਂਤੀ ਤੇ ਖੁਸ਼ਹਾਲੀ ਦੇ ਨਵੇਂ ਯੁੱਗ ਵਿਚ ਲੈ ਕੇ ਜਾ ਸਕੀਏ।
ਜਦੋਂ ਉਹਨਾਂ ਤੋਂ ਐਗਜ਼ਿਟ ਪੋਲਾਂ ਵੱਲੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਦੀ ਕੀਤੀ ਪੇਸ਼ੀਨਗੋਈ ਬਾਰੇ ਪੁੱਛਿਆ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਪਿਛਲੀ ਵਾਰ ਐਗਜ਼ਿਟ ਪੋਲਾਂ ਨੇ ਆਮ ਆਦਮੀ ਪਾਰਟੀ ਨੁੰ 100 ਸੀਟਾਂ ਦਿੱਤੀਆਂ ਸਨ ਜਦੋਂ ਕਿ ਉਹਨਾਂ ਨੁੰ ਮਿਲੀਆਂ ਸਿਰਫ 20 ਸੀਟਾਂ ਸਨ। ਇਸ ਵਾਰ ਵੀ ਐਗਜ਼ਿਟ ਪੋਲ ਗਲਤ ਅੰਕੜੇ ਦੇ ਰਹੇ ਹਨ। ਉਹਨਾਂ ਕਿਹਾ ਕਿ ਸਾਡੀ ਫੀਡਬੈਕ ਇਹੀ ਹੈ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸੂਬੇ ਵਿਚ ਬਹੁਮਤ ਹਾਸਲ ਕਰੇਗਾ। ਅਸੀਂ ਇਕੱਲੇ ਮਾਝਾ ਵਿਚ 16 ਤੋਂ 17 ਸੀਟਾਂ ਜਿੱਤਾਂਗੇ।
ਐਗਜ਼ਿਟ ਪੋਲ ਅਤੇ ਓਪੀਨੀਅਨ ਪੋਲ ’ਤੇ ਪਾਬੰਦੀ ਲਗਾਏ ਜਾਣ ਦੀ ਮੰਗ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਰਕਾਰਾਂ ਨੇ ਇਹਨਾਂ ਪੋਲਾਂ ਦੀ ਦੁਰਵਰਤੋਂ ਵੋਟਰਾਂ ਨੁੰ ਪ੍ਰਭਾਵਤ ਕਰਨ ਵਾਸਤੇ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਪੋਲ ਪੇਡ ਪੋਲ ਬਣ ਗਏ ਹਨ ਤੇ ਚੋਣ ਕਮਿਸ਼ਨ ਨੁੰ ਇਸਦੀ ਜਾਂਚ ਕਰ ਕੇ ਇਹਨਾਂ ’ਤੇ ਤੁਰੰਤ ਪਾਬੰਦੀ ਲਗਾਉਣੀ ਚਾਹੀਦੀ ਹੈ।
ਜਦੋਂ ਉਹਨਾਂ ਤੋਂ ਯੂਕਰੇਨ ਵਿਚ ਫਸੇ ਪੰਜਾਬੀ ਵਿਦਿਆਰਥੀਆਂ ਨੂੰ ਸੁਰੱਖਿਅਤ ਲਿਆਉਣ ਵਾਸਤੇ ਪੰਜਾਬ ਸਰਕਾਰ ਵੱਲੋਂ ਤਾਲਮੇਲ ਕਰਨ ਵਿਚ ਨਾਕਾਮ ਰਹਿਣ ਬਾਰੇ ਪੁੱਛਿਆ ਗਿਆ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੀ ਟੀਮ ਯੂਕਰੇਨ ਭੇਜਣੀ ਚਾਹੀਦੀ ਸੀ ਤਾਂ ਜੋ ਵਿਦਿਆਰਥੀਆਂ ਨੁੰ ਸੁਰੱਖਿਅਤ ਕੱਢਿਆ ਜਾਂਦਾ ਤੇ ਉਹਨਾਂ ਨੁੰ ਤੁਰੰਤ ਮਨੁੱਖੀ ਸਹਾਇਤਾ ਵੀ ਦਿੱਤੀ ਜਾਂਦੀ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅਜਿਹਾ ਕਰਨ ਦੀ ਥਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਿੱਤ ਨਵੇਂ ਡਰਾਮੇ ਕਰ ਰਹੇ ਹਨ।
ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਚੰਨੀ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਚੋਣਾਂ ਮੁੱਕ ਗਈਆਂ ਹਨ ਤੇ ਹੁਣ ਉਹ ਹੋਰ ਸਮੇਂ ਤੱਕ ਅਜਿਹੇ ਕਾਰਿਆਂ ਨਾਲ ਵੋਟਰਾਂ ਨੂੰ ਪ੍ਰਭਾਵਤ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਉਹ ਕੁਝ ਦਿਨ ਲਈ ਹੋਰ ਮੁੱਖ ਮੰਤਰੀ ਰਹਿ ਸਕਦੇ ਹਨ ਪਰ ਉਹਨਾਂ ਨੁੰ ਸੂਬੇ ਅਤੇ ਇਸਦੇ ਨਾਗਰਿਕਾਂ ਪ੍ਰਤੀ ਆਪਣਾ ਫਰਜ਼ ਅਦਾ ਕਰਨਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਇਕ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਲਈ ਸਿੱਖਿਆ ਸਭ ਤੋਂ ਵੱਡੀ ਤਰਜੀਹ ਹੋਵੇਗੀ। ਉਹਨਾਂ ਕਿਹਾ ਕਿ ਅਸੀਂ ਹਰ ਬਲਾਕ ਵਿਚ ਏਕੀਕ੍ਰਿਤ ਸਿੱਖਿਆ ਦੇਣ ਲਈ ਮਾਡਰਨ ਸਕੂਲ ਬਣਾਵਾਂਗੇ। ਉਹਨਾਂ ਕਿਹਾ ਕਿ ਅਗਲੀ ਸਰਕਾਰ ਸਰਕਾਰੀ ਕੰਮਕਾਜ ਵਿਚ ਪਾਰਦਰਸ਼ਤਾ ਲਿਆਵੇਗੀ ਤੇ ਕਾਂਗਰਸ ਰਾਜਕਾਲ ਦੌਰਾਨ ਹੋਏ ਐਸ ਸੀ ਸਕਾਲਰਸ਼ਿਪ ਤੇ ਹੋਰ ਘੁਟਾਲਿਆਂ ਦੇ ਦੌਰ ਦਾ ਭੋਗ ਪਾਵੇਗੀ। ਇਕ ਹੋਰ ਸਵਾਲ ਦੇ ਜਵਾਬ ਵਿਚ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਝੁਠਾ ਕੇਸ ਦਰਜ ਕੀਤਾ ਗਿਆ ਹੈ ਤੇ ਅਕਾਲੀ ਦਲ ਇਸ ਬਦਲਾਖੋਰੀ ਦੇ ਖਿਲਾਫ ਅਦਾਲਤਾਂ ਵਿਚ ਲੜੇਗਾ।