ਪੰਜਾਬ ਕਾਂਗਰਸ ਵਿਚਲਾ ਕਲੇਸ਼ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਹਾਈਕਮਾਂਡ ਵੱਲੋਂ ਵੀ ਪੰਜਾਬ ਕਾਂਗਰਸ ਵਿਚਲੇ ਕਾਟੋ ਕਲੇਸ਼ ਨੂੰ ਖਤਮ ਕਰਨ ਲਈ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਮੁੱਖ ਮੰਤਰੀ ਚੰਨੀ ਸਿੱਧੂ ਦੀ ਨਾਰਾਜ਼ਗੀ ਵਿਚਾਲੇ ਹਾਈਕਮਾਂਡ ਨੂੰ ਮਿਲਣ ਲਈ ਦਿੱਲੀ ਪੁੱਜ ਰਹੇ ਹਨ ਤੇ ਇਹ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਮਸਲੇ ਦਾ ਕੋਈ ਨਾ ਕੋਈ ਹੱਲ ਜ਼ਰੂਰ ਲੱਭ ਲਿਆ ਜਾਵੇਗਾ।
ਇਸੇ ਦਰਮਿਆਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਨਵਜੋਤ ਸਿੱਧੂ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਕੰਮ ਨਾਲ ਮਤਲਬ ਹੈ, ਘਰ ਰੁਸੇ ਬੈਠੇ ਬੰਦੇ ਨਾਲ ਕੋਈ ਮਤਲਬ ਨਹੀਂ ਹੈ। ਇਸ ਦੇ ਨਾਲ ਹੀ ਜਾਖੜ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਝੋਨੇ ਦੀ ਖਰੀਦ ਵਿੱਚ ਅਚਾਨਕ 10 ਦਿਨ ਦੀ ਦੇਰੀ ਕਰ ਦਿੱਤੀ ਹੈ, ਜਿਸ ਨਾਲ ਕਿਸਾਨਾਂ ਅਤੇ ਪੰਜਾਬ ਸਰਕਾਰ ਵਿੱਚ ਅਨਿਸ਼ਚਿਤਤਾ ਦੀ ਸਥਿਤੀ ਪੈਦਾ ਹੋ ਗਈ ਹੈ। ਹਾਲਾਂਕਿ ਮੁੱਖ ਮੰਤਰੀ ਚੰਨੀ ਨੇ ਇੱਕ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਪ੍ਰਧਾਨ ਮੰਤਰੀ ਦੇ ਦਖਲ ਦੀ ਮੰਗ ਕੀਤੀ ਹੈ। ਪਰ ਝੋਨੇ ਦੀ ਖਰੀਦ ਵਿੱਚ ਦੇਰੀ ਕਾਰਨ ਕਿਸਾਨਾਂ ਵਿੱਚ ਗੁੱਸਾ ਫੈਲ ਗਿਆ ਹੈ।
ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕੇਂਦਰ ਦੇ ਝੋਨੇ ਦੀ ਖਰੀਦ ਨੂੰ ਲੈ ਕੇ ਲਏ ਗਏ ਫੈਸਲੇ ‘ਤੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੇਂਦਰ ਵੱਲੋਂ ਕਿਸਾਨਾਂ ਨੂੰ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲਾਗੂ ਕਰਵਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ ਤੇ ਹੁਣ ਦੂਜੇ ਪਾਸੇ ਝੋਨੇ ਦੀ ਖਰੀਦ ਨੂੰ ਲੈ ਕੇ ਲਏ ਗਿਆ ਫੈਸਲਾ ਇਹ ਸਾਬਤ ਕਰਦਾ ਹੈ ਕਿ ਮੋਦੀ ਸਰਕਾਰ ਕਿਸਾਨ ਮਾਰੂ ਸਰਕਾਰ ਹੈ। ਉਨ੍ਹਾਂ ਕਿਹਾ ਕਿ ਮੀਂਹ ਦਾ ਬਹਾਨਾ ਲਗਾ ਕੇ ਮੋਦੀ ਸਰਕਾਰ ਕਿਸਾਨਾਂ ਪ੍ਰਤੀ ਬਦਲੇ ਦੀ ਭਾਵਨਾ ਰੱਖ ਰਹੀ ਹੈ, ਜੋ ਕਿ ਬਿਲਕੁਲ ਗਲਤ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਜਾਰੀ ਕਾਟੋ-ਕਲੇਸ਼ ਵਿਚਾਲੇ ਪਰਗਟ ਸਿੰਘ ਨੇ ਨਵਜੋਤ ਸਿੱਧੂ ਨੂੰ ਲੈ ਕੇ ਕੀਤਾ ਇਹ ਵੱਡਾ ਦਾਅਵਾ