80 ਸਾਲ ਦੀ ਉਮਰ ਵਿਚ ਇਕ ਵਿਅਕਤੀ ਦੀ ਸਾਰੀ ਉਮਰ ਦੀ ਕਮਾਈ ਚੋਰੀ ਹੋ ਗਈ। ਚੋਰੀ ਵੀ ਘਰ ਤੋਂ ਨਹੀਂ ਬੈਂਕ ਦੇ ਲਾਕਰ ਤੋਂ ਹੋਈ। ਬਜ਼ੁਰਗ ਨੇ ਆਪਣੀ ਸੰਪਤੀ ਬੈਂਕ ਵਿਚ ਜਮ੍ਹਾ ਕਰਵਾਈ ਹੋਈ ਸੀ। ਸੁਪਰੀਮ ਕੋਰਟ ਨੇ ਬੈਂਕ ਨੂੰ ਹੁਕਮ ਦਿੱਤਾ ਹੈ ਕਿ ਬਜ਼ੁਰਗ ਨੂੰ ਦੋ ਮਹੀਨੇ ਦੇ ਅੰਦਰ 30 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਜਸਟਿਸ ਸੂਰਯਕਾਂਤ ਤੇ ਜਸਟਿਸ ਏਐੱਸ ਓਕਾ ਦੀ ਬੈਂਚ ਨੇ ਕਿਹਾ ਕਿ ਉਨ੍ਹਾਂ ਦੀ ਉਮਰ ਭਰ ਦੀ ਕਮਾਈ ਚਲੀ ਗਈ। ਨਾ ਸਿਰਫ ਉਨ੍ਹਾਂ ਦਾ ਆਰਥਿਕ ਨੁਕਸਾਨ ਹੋਇਆ ਸਗੋਂ ਮਾਨਸਿਕ ਕਸ਼ਟ ਵੀ ਝੇਲਣਾ ਪਿਆ। ਨੈਸ਼ਨਲ ਕੰਜ਼ਿਊਮਰ ਡਿਸਪਿਊਟ ਰਿਡ੍ਰੈਸਲ ਕਮਿਸ਼ਨ ਨੇ ਸਟੇਟ ਬੈਂਕ ਆਫ ਇੰਡੀਆ ਦੀ ਬੋਕਾਰੇ ਸਟੀਲ ਸਿਟੀ ਬ੍ਰਾਂਚ ਨੂੰ 30 ਲੱਖ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਸੀ। ਇਸ ਦੇ ਬਾਅਦ ਬੈਂਕ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ। ਸੁਪਰੀਮ ਕੋਰਟ ਨੇ ਬੈਂਕ ਨੂੰ ਕਿਹਾ ਕਿ ਪੀੜਤ ਗੋਪਾਲ ਪ੍ਰਸਾਦ ਮਹੰਤੀ ਨੂੰ ਮਾਨਸਿਕ ਕਸ਼ਟ ਤੋਂ ਲੰਘਣਾ ਪਿਆ ਹੈ। ਇਸ ਲਈ ਮੁਆਵਜ਼ਾ ਜ਼ਰੂਰੀ ਹੈ। ਦੱਸ ਦੇਈਏ ਕਿ 25 ਦਸੰਬਰ 2017 ਨੂੰ ਬੈਂਕ ਵਿਚ ਚੋਰੀ ਹੋ ਗਈ ਸੀ।
ਬੈਂਕ ਵੱਲੋਂ ਐਡਵੋਕੇਟ ਸੰਜੇ ਕਪੂਰ ਨੇ ਕਿਹਾ ਕਿ ਇਸ ਹੁਕਮ ਨਾਲ ਬੈਂਕ ਦੇ ਸਾਹਮਣੇ ਮੁਸੀਬਤ ਇਹ ਹੈ ਕਿ ਉਸ ਨੂੰ ਪਤਾ ਨਹੀਂ ਹੈ ਕਿ ਲੌਕਰ ਵਿਚ ਕੀ-ਕੀ ਸੀ। ਮਹੰਤੀ ਨੇ ਇਕ ਹੋਰ ਗਾਹਕ ਸ਼ਸ਼ੀ ਭੂਸ਼ਣ ਨਾਲ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ 32 ਲੱਖ ਦੀ ਗੋਲਡ ਜਿਊਲਰੀ ਚੋਰੀ ਵਿਚ ਚਲੀ ਗਈ। ਇਸ ਦੇ ਇਲਾਵਾ ਲਾਕਰ ਵਿਚ ਹੋਰ ਵੀ ਸਾਮਾਨ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਮਹੰਤੀ ਨੇ ਕੋਰਟ ਵਿਚ ਕਿਹਾ ਕਿ ਮੈਂ ਆਪਣੇ ਜੀਵਨ ਭਰ ਦੀ ਜਮ੍ਹਾ ਪੂੰਜੀ ਗੁਆ ਦਿੱਤੀ ਹੈ। ਚੋਰੀ ਦੇ ਬਾਅਦ ਪੁਲਿਸ ਨੇ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਥੋੜ੍ਹੀ ਬਹੁਤ ਜਿਊਲਰੀ ਬਰਾਮਦ ਕੀਤੀ ਸੀ। ਇਸ ਦੇ ਇਲਾਵਾ ਚੋਰਾਂ ਨੇ ਜਿਊਲਰੀ ਨੂੰ ਪਿਘਲਾ ਕੇ ਸੋਨੇ ਦੀਆਂ ਇੱਟਾਂ ਬਣਾ ਦਿੱਤੀਆਂ ਸਨ। ਐੱਨਸੀਡੀਆਰਸੀ ਨੇ ਕਿਹਾ ਕਿ ਲੋਕ ਬੈਂਕ ਵਿਚ ਇਸ ਲਈ ਆਪਣਾ ਕੀਮਤੀ ਸਾਮਾਨ ਜਮ੍ਹਾ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਉਥੇ ਉਨ੍ਹਾਂ ਦਾ ਸਾਮਾਨ ਸੁਰੱਖਿਅਤ ਰਹੇਗਾ। ਇਥੇ ਬੈਂਕ ਕਹਿ ਰਿਹਾ ਹੈ ਕਿ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਨਹੀਂ ਹੈ।