ਤਿੰਨ ਮਹੀਨੇ ਤੋਂ ਓਮਾਨ ਦੀ ਰਾਜਧਾਨੀ ਮਸਕਟ ਵਿਚ ਫਸੀ ਸਵਰਨਜੀਤ ਕੌਰ ਅੱਜ ਵਾਪਸ ਵਤਨ ਪਰਤੀ। ਉਨ੍ਹਾਂ ਨੂੰ ਲੈਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਂਚੇਵਾਲ ਪਹੁੰਚੇ ਸਨ। ਮੋਗਾ ਵਾਸੀ ਸਵਰਨਜੀਤ ਕੌਰ ਦੇ ਪਤੀ ਕੁਲਦੀਪ ਸਿੰਘ ਨੇ ਕਿਹਾ ਕਿ ਸੰਤ ਸੀਂਚੇਵਾਲ ਦੀ ਕੋਸ਼ਿਸ਼ ਸਦਕਾ ਹੀ ਉਨ੍ਹਾਂ ਦੀ ਪਤਨੀ ਤਿੰਨ ਮਹੀਨੇ ਬਾਅਦ ਆਪਣੇ ਘਰ ਪਰਤੀ ਹੈ। ਉਨ੍ਹਾਂ ਕਿਹਾ ਕਿ ਟ੍ਰੈਵਲ ਏਜੰਟ ਉਨ੍ਹਾਂ ਦੀ ਪਤਨੀ ਸਵਰਨਜੀਤ ਕੌਰ ਨੂੰ ਦੁਬਈ ਵਿਚ ਘਰੇਲੂ ਕੰਮ ਕਰਨ ਦਾ ਝਾਂਸਾ ਦੇ ਕੇ ਮਸਕਟ ਲੈ ਗਏ ਸਨ।
ਸਵਰਨਜੀਤ ਕੌਰ ਨੇ ਦੱਸਿਆ ਕਿ ਘਰ ਵਿਚ ਆਰਥਿਕ ਤੰਗੀ ਕਾਰਨ ਉਹ ਤਿੰਨ ਮਹੀਨੇ ਪਹਿਲਾਂ ਮਸਕਟ ਗਈ ਸੀ। ਉਸ ਦੀਆਂ 4 ਧੀਆਂ ਤੇ ਇਕ ਮੁੰਡਾ ਹੈ। ਉਸ ਨੇ ਦੱਸਿਆ ਕਿ ਕਈ ਵਾਰ ਆਪਣੀ ਬੀਮਾਰੀ ਕਾਰਨ ਪੰਜਾਬ ਵਾਪਸ ਆਉਣ ਦੀ ਇੱਛਾ ਪ੍ਰਗਟਾਈ ਪਰ ਟ੍ਰੈਵਲ ਏਜੰਟ ਨੇ ਉਨ੍ਹਾਂ ਨੂੰ ਵਾਪਸ ਆਉਣ ਦੀ ਇਜਾਜ਼ਤ ਨਹੀਂ ਦਿੱਤੀ। ਘਰ ਪਰਤਣ ਦੇ ਪੈਸੇ ਵੀ ਉਸ ਕੋਲ ਨਹੀਂ ਸਨ. ਕਿਸੇ ਤਰ੍ਹਾਂ ਭਾਰਤੀ ਦੂਤਘਰ ਪਹੁੰਚਣ ਵਿਚ ਸਫਲ ਰਹੀ।
ਸੰਤ ਬਲਬੀਰ ਸਿੰਘ ਸੀਂਚੇਵਾਲ ਨਾਲ ਮਹਿਲਾ ਦੇ ਪਤੀ ਕੁਲਦੀਪ ਸਿੰਘ ਨੇ ਚੰਡੀਗੜ੍ਹ ਵਿਚ ਰਹਿਣ ਵਾਲੇ ਵਕੀਲ ਗੁਰਭੇਜ ਸਿੰਘ ਨਾਲ ਸੰਪਰਕ ਕੀਤਾ। ਸੰਤ ਸੀਂਚੇਵਾਲ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਤੇ ਵਿਦੇਸ਼ ਮੰਤਰਾਲੇ ਦੇ ਮਾਧਿਅਮ ਨਾਲ ਉਸ ਦੀ ਮਦਦ ਕੀਤੀ। ਭਾਰਤੀ ਦੂਤਘਰ ਦੀ ਬੇਨਤੀ ‘ਤੇ ਉਨ੍ਹਾਂ ਨੇ ਟਿਕਟ ਦਾ ਪੂਰਾ ਖਰਚਾ ਚੁੱਕਿਆ ਦੇ ਟਿਕਟ ਭੇਜੀ ਪਰ ਸਵਰਨਜੀਤ ਕੌਰ ਉਸ ਦਿਨ ਵਾਪਸ ਨਹੀਂ ਆ ਸਕੀ।
ਦਿੱਲੀ ਕੌਮਾਂਤਰੀ ਹਵਾਈ ਅੱਡੇ ‘ਤੇ ਸਵਰਨਜੀਤ ਕੌਰ ਨੂੰ ਲੈਣ ਪਹੁੰਚੇ ਸੰਤ ਬਲਬੀਰ ਸਿੰਘ ਸੀਂਚੇਵਾਲ ਨੇ ਕਿਹਾ ਕਿ ਪਹਿਲਾਂ 16 ਮਾਰਚ ਦੀ ਟਿਕਟ ਦਾ ਇੰਤਜ਼ਾਮ ਕੀਤਾ ਗਿਆ ਸੀ ਪਰ ਉਸ ਦਿਨ ਉਸ ਨੂੰ ਨਹੀਂ ਭੇਜਿਆ ਗਿਆ। ਇਹ ਮੁੱਦਾ ਉਨ੍ਹਾਂ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਸਾਹਮਣੇ ਚੁੱਕਿਆ। ਉੁਨ੍ਹਾਂ ਨੇ ਤੁਰੰਤ ਇਸ ‘ਤੇ ਕਾਰਵਾਈ ਕੀਤੀ ਤੇ ਸਵਰਨਜੀਤ ਕੌਰ ਨੂੰ ਵਾਪਸ ਭੇਜਣ ਦੀ ਵਿਵਸਥਾ ਕੀਤੀ।
ਸੰਤ ਸੀਂਚੇਵਾਲ ਨੇ ਕਿਹਾ ਕਿ ਅਰਬ ਦੇਸ਼ਾਂ ਵਿਚ ਪੰਜਾਬ ਦੇ ਗਰੀਬ ਪਰਿਵਾਰਾਂ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਗਲਤ ਫਾਇਦਾ ਚੁੱਕ ਕੇ ਤੇ ਉਨ੍ਹਾਂ ਨੂੰ ਜ਼ਿਆਦਾ ਤਨਖਾਹ ਦਾ ਲਾਲਚ ਦੇ ਕੇ ਧੋਖਾ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਅਰਬ ਦੇਸ਼ਾਂ ਵਿਚ ਜਾਣ ਤੋਂ ਪਹਿਲਾਂ ਉਥੋਂ ਦੇ ਸਾਰੇ ਹਾਲਾਤ ਦੀ ਜਾਣਕਾਰੀ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਬਿਨਾਂ ਲਾਇਸੈਂਸ ਦੇ ਇਮੀਗ੍ਰੇਸ਼ਨ ਦਾ ਕਾਰੋਬਾਰ ਕਰਨ ਵਾਲੇ ਟ੍ਰੈਵਲ ਏਜੰਟਾਂ ਖਿਲਾਫ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ।
ਇਹ ਵੀ ਪੜ੍ਹੋ : ‘ਮੋਦੀ ਸਰਕਾਰ ਨੇ ਕਦੇ ਲੋਕ ਲੁਭਾਊ ਵਾਅਦੇ ਨਹੀਂ ਕੀਤੇ, ਸਗੋਂ ਜਨਤਾ ਦੀ ਭਲਾਈ ਲਈ ਕੰਮ ਕੀਤਾ’ : ਅਮਿਤ ਸ਼ਾਹ
ਸਵਰਨਜੀਤ ਕੌਰ ਨੇ ਦੱਸਿਆ ਕਿ ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ ਸਣੇ ਕਈ ਜ਼ਿਲ੍ਹਿਆਂ ਦੀਆਂ ਲੜਕੀਆਂ ਮਸਕਟ ਵਿਚ ਨਰਕ ਭਰਿਆ ਜੀਵਨ ਜੀਅ ਰਹੀਆਂ ਹਨ। ਜਿਸ ਫਲਾਈਟ ਤੋਂ ਉਹ ਪਰਤੀ ਹੈ, ਉਸ ਵਿਚ ਲਗਭਗ 12 ਭਾਰਤੀ ਲੜਕੀਆਂ ਸਨ। ਉਹ ਸਾਰੀਆਂ ਉਥੇ ਫਸ ਚੁੱਕੀਆਂ ਸਨ। ਉਨ੍ਹਾਂ ਕਿਹਾ ਕਿ ਟ੍ਰੈਵਲ ਏਜੰਟਾਂ ਦੇ ਝੂਠੇ ਵਾਅਦਿਆਂ ਕਾਰਨ ਕਈ ਲੜਕੀਆਂ ਅਜੇ ਵੀ ਉਥੇ ਫਸੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: