ਚੰਡੀਗੜ੍ਹ ਵਿੱਚ ਸਮਾਰਟ ਕੈਮਰੇ ਲੱਗ ਚੁੱਕੇ ਹਨ ਤੇ ਚੰਡੀਗੜ੍ਹ ਪੁਲਿਸ ਲੋਕਾਂ ਨੂੰ ਟ੍ਰੈਫਿ਼ਕ ਨਿਯਮਾਂ ਦੀ ਉਲੰਘਣਾ ਨਾ ਕਰਨ ਨੂੰ ਲੈ ਕੇ ਜਾਗਰੂਕ ਵੀ ਕਰ ਰਹੀ ਹੈ। ਚੰਡੀਗੜ੍ਹ ਪੁਲਿਸ ਵਿੱਚ ਹੀ ਇਕ ਅਜਿਹਾ ਜਵਾਨ ਵੀ ਹੈ, ਜੋ ਲੋਕਾਂ ਦਾ ਮਨੋਰੰਜਨ ਕਰਕੇ ਉਨ੍ਹਾਂ ਨੂੰ ਜਾਗਰੂਕ ਕਰ ਰਿਹਾ ਹੈ। ਇਨ੍ਹਾਂ ਦਾ ਨਾਂ ਭੁਪਿੰਦਰ ਸਿੰਘ ਏ.ਐੱਸ.ਆਈ, ਜੋ ਪਿਛਲੇ ਕੁਝ ਸਾਲਾਂ ਤੋਂ ਗਾਣੇ ਗਾ ਕੇ ਟ੍ਰੈਫਿਕ ਨਿਯਮਾਂ ਦਾ ਪਾਠ ਅਜਿਹੇ ਪੜ੍ਹਾਉਂਦੇ ਹਨ ਕਿ ਲੋਕ ਉਨ੍ਹਾਂ ਨੂੰ ਸੁਣਨ ਲਈ ਜੁਟ ਜਾਂਦੇ ਹਨ। ਲੋਕਾਂ ਨੂੰ ਚਾਲਾਨ ਤੋਂ ਬਚਣ ਲਈ ਉਹ ਗਾਣੇ ਵਿੱਚ ਨਸੀਹਤ ਦੇ ਰਹੇ ਨੇ ਉਹ ਸੜਕ ‘ਤੇ ਗਾਣੇ ਗਾ ਰਹੇ ਨੇ ‘ਤੈਨੂੰ ਪਤਾ ਵੀ ਨਹੀਂ ਲੱਗਣਾ ਏ ਜਦੋਂ ਸੋਹਣਿਆਂ ਆਨਲਾਈਨ ਤੇਰਾ ਜੇ ਚਾਲਾਨ ਹੋ ਗਿਆ…’।
ਭੁਪਿੰਦਰ ਸਿੰਘ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਠ ਪੜ੍ਹਾਉਣ ਲਈ ਕਈ ਗੀਤ ਲਿਖ ਚੁੱਕੇ ਹਨ। ਵਰਦੀ ਵਿੱਚ ਪੁਲਿਸ ਕਰਮਚਾਰੀ ਨੂੰ ਇਸ ਤਰ੍ਹਾਂ ਮਾਈਕ ਫੜ ਕੇ ਗਾਉਂਦਾ ਵੇਖ ਕਈ ਲੋਕਾਂ ਨੂੰ ਹੈਰਾਨ ਤੱਕ ਕਰ ਦਿੰਦਾ ਹੈ। ਉਹ ਸੋਸ਼ਲ ਮੀਡੀਆ ‘ਤੇ ਵੀ ਕਾਫੀ ਮਸ਼ਹੂਰ ਹਨ। ਦੋ ਸਾਲ ਪਹਿਲਾਂ ਵੀ ਉਨ੍ਹਾਂ ਨੇ ਗੀਤ ਗਾਇਆ ਸੀ, ਜੋ ਕਾਫੀ ਮਸ਼ਹੂਰ ਹੋਇਆ ਸੀ। ਉਸ ਦੇ ਬੋਲ ਸਨ- ਨੰਬਰ ਪਲੇਟਾਂ ਉਤੇ ਨਾਂ ਜੋ ਲਿਖੌਂਦੇ ਨੇ, ਸ਼ੀਸ਼ਿਆਂ ਦੇ ਉੱਤੇ ਜੋ ਸਟਿੱਕਰ ਵੀ ਲਾਉਂਦੇ ਨੇ…
ਕੋਰੋਨਾ ਕਾਲ ਵਿੱਚ ਵੀ ਉਨ੍ਹਾਂ ਨੇ ਸ਼ਹਿਰ ਦੀਆਂ ਸੜਕਾਂ ‘ਤੇ ਗੀਤ ਗਾ ਕੇ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਲਈ ਜਾਗਰੂਕ ਕੀਤਾ ਸੀ। ਇਸ ਦੌਰਾਨ ਉਹ ਕਾਫੀ ਮਸ਼ਹੂਰ ਹੋ ਗਏ ਸਨ। ਇਸ ਤੋਂ ਪਹਿਲਾਂ ਜਦੋਂ ਮੋਟਰ ਵ੍ਹੀਕਲ ਐਕਟ ਵਿੱਚ ਸੋਧ ਹੋਈ ਸੀ ਤੇ ਚਾਲਾਨ ਦੇ ਰੇਟ ਹਜ਼ਾਰਾਂ ਵਿੱਚ ਹੋ ਗਏ ਸਨ, ਉਦੋਂ ਵੀ ਉਨ੍ਹਾਂ ਨੇ ਇੱਕ ਗੀਤ ਲਿਖਿਆ ਸੀ ਉਸ ਦੇ ਬੋਲ ਸਨ ਸੜਕ ‘ਤੇ ਐਕਸੀਡੈਂਟ ਵਿੱਚ ਲੋਕੀ ਬਹੁਤ ਮਰਦੇ ਸੀ…।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਭੁਪਿੰਦਰ ਦੇ ਗੀਤਾਂ ਨੂੰ ਯੂਟਿਊਬ ‘ਤੇ ਸੁਣਿਆ ਜਾ ਸਕਦਾ ਹੈ। ਉਨ੍ਹਾਂ ਦੇ ਗੀਤ ਰੇਡੀਓ ‘ਤੇ ਵੀ ਪਲੇਅ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੀ ਇਸ ਕੋਸ਼ਿਸ਼ ਲਈ ਪੁਲਿਸ ਵਿਭਾਗ ਭੁਪਿੰਦਰ ਨੂੰ ਸਨਮਾਨਤ ਵੀ ਕਰ ਚੁੱਕਾ ਹੈ। ਭੁਪਿੰਦਰ ਸਿੰਘ ਮੂਲ ਤੌਰ ‘ਤੇ ਗੁਰਦਾਸਪੁਰ ਦੇ ਰਹਿਣ ਵਾਲੇ ਹਨ। ਸਾਲ 1987 ਵਿੱਚ ਉਨ੍ਹਾਂ ਨੇ ਚੰਡੀਗੜ੍ਹ ਜੁਆਇਨ ਕੀਤੀ ਸੀ। ਉਹ ਸਕੂਲ ਟਾਈਮ ਤੋਂ ਹੀ ਗੀਤ ਲਿਖ ਤੇ ਗਾ ਰਹੇ ਹਨ। ਆਪਣੇ ਇਸ ਸ਼ੌਂਕ ਦੇ ਚੱਲਦਿਆਂ ਉਹ ਕਾਫੀ ਸਮੇਂ ਤੱਕ ਆਰਕੇਸਟ੍ਰਾ ਵਿੱਚ ਵੀ ਕੰਮ ਕਰ ਚੁੱਕੇ ਹਨ।
ਪੁਲਿਸ ਵਿੱਚ ਭਰਤੀ ਹੋਣ ਤੋਂ ਬਾਅਦ ਉਹ ਇਸੇ ਤਰ੍ਹਾਂ ਆਪਣੇ ਸ਼ੌਂਕ ਨੂੰ ਜ਼ਿੰਦਾ ਰਖੇ ਹੋਏ ਹਨ। ਉਹ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਅਵੇਅਰਨੈੱਸ ਵੀਕ ਤੇ ਇਸ ਤਰ੍ਹਾਂ ਦੇ ਹੋਰਨਾਂ ਪ੍ਰੋਗਰਾਮਾਂ ਵਿੱਚ ਆਪਣੇ ਗੀਤਾਂ ਨੂੰ ਪੇਸ਼ ਕਰਦੇ ਹਨ। ਭੁਪਿੰਦਰ ਖੁਦ ਹੀ ਆਪਣੇ ਗੀਤਾਂ ਦੀ ਰਿਕਾਰਡਿੰਗ ਕਰਦੇ ਹਨ।