ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਹੁਣ ਕੇਂਦਰ ਸਰਕਾਰ ਆਸਟ੍ਰੇਲੀਆ ਨਾਲ ਦੁੱਧ ਖਰੀਦਣ ਨੂੰ ਲੈ ਕੇ ਅਗਲੇ ਮਹੀਨੇ ਸਮਝੌਤਾ ਕਰਨ ਜਾ ਰਹੀ ਹੈ। ਦੁੱਧ 20-22 ਰੁਪਏ ਪ੍ਰਤੀ ਕਿਲੋ ਦੇ ਰੇਟ ‘ਤੇ ਵੇਚੇ ਜਾਣ ਦੀ ਯੋਜਨਾ ਹੈ। ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜਦੋਂ ਤੱਕ ਕਿਸਾਨ ਸਬੰਧੀ ਕਿਸੇ ਵੀ ਮੁੱਦੇ ਨੂੰ ਲੈ ਕੇ ਸਰਕਾਰ ਨੀਤੀ ਬਣਾਉਣ ਤੋਂ ਪਹਿਲਾਂ ਕਿਸਾਨ ਨਾਲ ਗੱਲ ਨਹੀਂ ਕਰੇਗੀ ਤਾਂ ਸਰਕਾਰ ਨੂੰ ਕੋਈ ਵੀ ਖੇਤੀ ਕਾਨੂੰਨ ਨਹੀਂ ਬਣਾਉਣ ਦਿੱਤਾ ਜਾਵੇਗਾ। ਸ਼ੁੱਕਰਵਾਰ ਨੂੰ ਵਿਜੇ ਦਿਵਸ ਮਹਾਪੰਚਾਇਤ ‘ਚ ਆਏ ਕਿਸਾਨ ਨੇਤਾ ਰਾਕੇਸ਼ ਟਿਕੈਤ ਬੋਲੇ ਦੇਸ਼ ਦੇ ਅੰਦਰ ਦੇ ਹਾਲਾਤ ਠੀਕ ਨਹੀਂ ਹਨ।
ਟਿਕੈਤ ਨੇ ਕਿਹਾ ਕਿ ਸਰਕਾਰ ਦੀ ਤਾਨਾਸ਼ਾਹੀ ਨਹੀਂ ਚੱਲਣ ਦਿੱਤੀ ਜਾਵੇਗੀ। ਬੈਂਕਿੰਗ ਨੂੰ ਨਿੱਜੀ ਸੈਕਟਰ ਵਿਚ ਲਿਆ ਕੇ ਦੇਸ਼ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਕਰਜ਼ੇ ‘ਚ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੇ ਚੰਡੀਗੜ੍ਹ ‘ਚ ਜੋ ਨੀਤੀਆਂ ਬਣਾਈਆਂ ਜਾਂਦੀਆਂ ਹਨ, ਉਹ ਜਨਹਿਤ ਲਈ ਨਹੀਂ ਹੁੰਦੀਆਂ। ਉਨ੍ਹਾਂ ਕਿਹਾ ਕਿ ਮਜ਼ਦੂਰ ਤੇ ਕਿਸਾਨ ਦੀ ਲੜਾਈ ਬਾਕੀ ਹੈ। ਦੇਸ਼ ਦੇ ਲੋਕ ਕਹਿੰਦੇ ਸਨ ਕਿ ਇਹ ਮੋਦੀ ਹੈ ਤਾਂ ਮੁਮਕਿਨ ਹੈ। ਮੋਦੀ ਅੰਦੋਲਨ ਨੂੰ ਖਤਮ ਕਰ ਦੇਵੇਗਾ ਪਰ ਕਿਸਾਨਾਂ ਦੀ ਏਕਤਾ ਨੇ ਇਹ ਦੱਸ ਦਿੱਤਾ ਕਿ ਜੇਕਰ ਏਕਤਾ ਹੈ ਤਾਂ ਵੱਡੇ ਤੋਂ ਵੱਡੇ ਤਾਨਾਸ਼ਾਹ ਨੂੰ ਵੀ ਝੁਕਣਾ ਪੈਂਦਾ ਹੈ ਤੇ ਮੁਆਫੀ ਵੀ ਮੰਗਣੀ ਪੈਂਦੀ ਹੈ।
ਟਿਕੈਤ ਨੇ ਕਿਹਾ ਕਿ ਕੇਂਦਰ ‘ਚ ਬੈਠੀ ਸਰਕਾਰ ਪੂੰਜੀਪਤੀਆਂ ਬਾਰੇ ਪਾਲਿਸੀ ਬਣਾਉਂਦੀ ਹੈ। ਇਨ੍ਹਾਂ ਦਾ ਕੰਮ ਤਾਂ ਸਿਰਫ ਹਿੰਦੂ ਮੁਸਲਿਮ ਨੂੰ ਲੜਾਉਣਾ ਹੈ। ਇਹ ਸਰਕਾਰ ਕਦੇ ਵੀ ਗਰੀਬ, ਮਜ਼ਦੂਰ, ਬੇਰੋਜ਼ਗਾਰ, ਮਹਿੰਗਾਈ, ਸਿਹਤ ਤੇ ਸਿੱਖਿਆ ਵਰਗੇ ਮੁੱਦਿਆਂ ‘ਤੇ ਗੱਲ ਨਹੀਂ ਕਰਦੀ। ਇਹ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਜ਼ਮੀਨਾਂ ਨੂੰ ਵੱਧ ਤੋਂ ਵੱਧ ਆਪਣੇ ਕੋਲ ਰੱਖਣ ਅਤੇ ਬੈਂਕਾਂ ਤੋਂ ਕਰਜ਼ਾ ਨਾ ਲੈਣ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ SBI ਬੈਂਕ ਅਡਾਨੀ ਨੂੰ ਦੇਣਾ ਚਾਹੁੰਦੀ ਹੈ ਤਾਂਕਿ ਕਿਸਾਨਾਂ ਨੂੰ ਕਰਜ਼ਾ ਦੇ ਦੇਵੇ ਤੇ ਕਰਜ਼ਾ ਨਾ ਦੇਣ ਤੋਂ ਬਾਅਦ ਉਸ ਦੀ ਜ਼ਮੀਨ ਹੜੱਪ ਲਵੇ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਟਿਕੈਤ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਦੇਸ਼ ਦੇ ਅੰਦਰ ਦੇ ਹਾਲਾਤ ਠੀਕ ਨਹੀਂ ਹਨ। ਕਈ ਸੂਬਿਆਂ ‘ਚ ਦੌਰਾ ਕਰਕੇ ਦੇਖਿਆ ਕਿ ਦੂਰ-ਦੁਰਾਡੇ ਦੇ ਇਲਾਕਿਆਂ ਦੇ ਕਿਸਾਨ ਤੇ ਆਦਿਤਵਾਸੀ ਲੋਕਾਂ ਦਾ ਹੁਣ ਤੱਕ ਵਿਕਾਸ ਨਹੀਂ ਹੋਇਆ ਹੈ। ਉਨ੍ਹਾਂ ਉੜੀਸਾ ਦੇ ਬਜ਼ੁਰਗ ਕਿਸਾਨਾਂ ਦਾ ਹਵਾਲਾ ਦੇ ਕੇ ਕਿਹਾ ਕਿ ਉਨ੍ਹਾਂ ਲੋਕਾਂ ਨੇ ਆਪਣੇ ਜੀਵਨ ‘ਚ ਭੁਵਨੇਸ਼ਵਰ ਸ਼ਹਿਰ ਤੱਕ ਨਹੀਂ ਦੇਖਿਆ। ਉਨ੍ਹਾਂ ਲੋਕਾਂ ਨੂੰ MSP ਦਾ ਨਹੀਂ ਪਤਾ। ਉਨ੍ਹਾਂ ਦੀ ਝੋਨਾ ਵੀ 800 ਰੁਪਏ ਪ੍ਰਤੀ ਕੁਇੰਟਲ ਖਰੀਦਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਅਜੇ ਸ਼ੁਰੂਆਤ ਹੈ, ਉਨ੍ਹਾਂ ਦੀ ਲੜਾਈ ਅਜੇ ਬਾਕੀ ਹੈ।