ਭਾਰਤੀ ਹਾਕੀ ਟੀਮ ਨੇ 1972 ਤੋਂ ਬਾਅਦ ਪਹਿਲੀ ਵਾਰ ਸੈਮੀਫਾਈਨਲ ਵਿੱਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ। ਕੁਆਰਟਰ ਫਾਈਨਲ ਵਿੱਚ ਭਾਰਤ ਨੇ ਗ੍ਰੇਟ ਬ੍ਰਿਟੇਨ ਨੂੰ 3-1 ਨਾਲ ਹਰਾਇਆ। ਟੀਮ ਇੰਡੀਆ ਲਈ ਦਿਲਪ੍ਰੀਤ ਸਿੰਘ ਨੇ 7ਵੇਂ, ਗੁਰਜੰਟ ਸਿੰਘ ਨੇ 16ਵੇਂ ਅਤੇ ਹਾਰਦਿਕ ਸਿੰਘ ਨੇ 57ਵੇਂ ਮਿੰਟ ਵਿੱਚ ਗੋਲ ਕੀਤੇ। ਟੀਮ ਇੰਡੀਆ ਹੁਣ 3 ਅਗਸਤ ਨੂੰ ਸੈਮੀਫਾਈਨਲ ਵਿੱਚ ਬੈਲਜੀਅਮ ਨਾਲ ਭਿੜੇਗੀ। ਦੂਜਾ ਸੈਮੀਫਾਈਨਲ ਆਸਟ੍ਰੇਲੀਆ ਅਤੇ ਜਰਮਨੀ ਵਿਚਾਲੇ ਉਸੇ ਦਿਨ ਖੇਡਿਆ ਜਾਵੇਗਾ।
ਹਾਕੀ 1972 ਦੇ ਓਲੰਪਿਕਸ ਵਿੱਚ ਸੈਮੀਫਾਈਨਲ ਫਾਰਮੈਟ ਵਿੱਚ ਖੇਡੀ ਗਈ ਸੀ। ਇਸ ਤੋਂ ਬਾਅਦ 1976 ਵਿੱਚ ਟੀਮ ਇੰਡੀਆ ਨਾਕਆਊਟ ਵਿੱਚ ਨਹੀਂ ਪਹੁੰਚ ਸਕੀ। 1980 ਵਿੱਚ ਭਾਰਤ ਨੇ ਸੋਨ ਤਮਗਾ ਜਿੱਤਿਆ, ਪਰ ਉਸ ਓਲੰਪਿਕ ਵਿੱਚ ਕੋਈ ਸੈਮੀਫਾਈਨਲ ਫਾਰਮੈਟ ਨਹੀਂ ਸੀ। ਗਰੁੱਪ ਸਟੇਜ ਤੋਂ ਬਾਅਦ ਸਭ ਤੋਂ ਵੱਧ ਅੰਕਾਂ ਵਾਲੀਆਂ 2 ਟੀਮਾਂ ਸਿੱਧੇ ਫਾਈਨਲ ਵਿੱਚ ਖੇਡੀਆਂ ਸਨ।
1972 ਤੋਂ ਬਾਅਦ ਪਹਿਲੀ ਵਾਰ ਪੂਲ ਲੈਗ ਵਿੱਚ 4 ਮੈਚ ਜਿੱਤੇ
ਟੀਮ ਇੰਡੀਆ ਨੇ 1972 ਤੋਂ ਬਾਅਦ ਪਹਿਲੀ ਵਾਰ ਪੂਲ ਸਟੇਜ ਵਿੱਚ 4 ਜਾਂ ਇਸ ਤੋਂ ਵੱਧ ਮੈਚ ਜਿੱਤੇ ਹਨ। 1972 ਦੀਆਂ ਓਲੰਪਿਕਸ ਵਿੱਚ ਭਾਰਤ ਨੇ ਪੂਲ ਪੜਾਅ ਵਿੱਚ 7 ਵਿੱਚੋਂ 5 ਮੈਚ ਜਿੱਤੇ ਸਨ। ਇਸ ਤੋਂ ਬਾਅਦ 2016 ਦੇ ਓਲੰਪਿਕ ਤੱਕ ਭਾਰਤ ਗਰੁੱਪ ਸਟੇਜ ਵਿੱਚ 3 ਤੋਂ ਜ਼ਿਆਦਾ ਮੈਚ ਨਹੀਂ ਜਿੱਤ ਸਕਿਆ। 1984 ਤੋਂ 2016 ਤੱਕ ਭਾਰਤੀ ਟੀਮ ਕਦੇ ਵੀ ਗਰੁੱਪ ਸਟੇਜ ਵਿੱਚ 2 ਤੋਂ ਵੱਧ ਮੈਚ ਨਹੀਂ ਜਿੱਤ ਸਕੀ।
ਭਾਰਤ ਨੇ ਪੁਰਸ਼ ਹਾਕੀ ਵਿੱਚ 8 ਸੋਨ ਤਗਮੇ ਜਿੱਤੇ
ਭਾਰਤ ਨੇ ਪੁਰਸ਼ ਹਾਕੀ ਵਿੱਚ ਓਲੰਪਿਕਸ ਵਿੱਚ ਸਭ ਤੋਂ ਵੱਧ ਤਮਗੇ ਜਿੱਤੇ ਹਨ। ਟੀਮ ਨੇ 1928, 1932, 1936, 1948, 1952, 1956, 1964 ਅਤੇ 1980 ਓਲੰਪਿਕਸ ਵਿੱਚ ਸੋਨ ਤਮਗੇ ਜਿੱਤੇ। ਇਸ ਤੋਂ ਇਲਾਵਾ ਉਸਨੇ 1960 ਵਿੱਚ ਚਾਂਦੀ ਅਤੇ 1968 ਅਤੇ 1972 ਵਿੱਚ ਕਾਂਸੇ ਦਾ ਤਮਗਾ ਜਿੱਤਿਆ ਸੀ। 1980 ਦੇ ਮਾਸਕੋ ਓਲੰਪਿਕ ਤੋਂ ਬਾਅਦ ਭਾਰਤ ਨੇ ਹਾਕੀ ਵਿੱਚ ਕੋਈ ਮੈਡਲ ਨਹੀਂ ਜਿੱਤਿਆ ਹੈ।
ਇਹ ਵੀ ਪੜ੍ਹੋ : Tokyo Olympics: ਪੀ.ਵੀ ਸਿੰਧੂ ਨੇ ਰਚਿਆ ਇਤਿਹਾਸ, ਲਗਾਤਾਰ ਦੂਜੀ ਵਾਰ ਜਿੱਤਿਆ ਓਲੰਪਿਕ ਮੈਡਲ
ਪਿਛਲੇ 5 ਸਾਲਾਂ ਵਿੱਚ ਟੀਮ ਇੰਡੀਆ ਦਾ ਸ਼ਾਨਦਾਰ ਪ੍ਰਦਰਸ਼ਨ
1980 ਤੋਂ ਭਾਰਤੀ ਹਾਕੀ ਟੀਮ ਦੇ ਪ੍ਰਦਰਸ਼ਨ ਵਿੱਚ ਲਗਾਤਾਰ ਗਿਰਾਵਟ ਆਈ। ਉਹ 1984 ਦੇ ਲਾਸ ਏਂਜਲਸ ਓਲੰਪਿਕਸ ਵਿੱਚ 5ਵਾਂ ਸਥਾਨ ਹਾਸਲ ਕਰਨ ਤੋਂ ਬਾਅਦ ਬਿਹਤਰ ਪ੍ਰਦਰਸ਼ਨ ਨਹੀਂ ਕਰ ਸਕੀ। 2008 ਦੇ ਬੀਜਿੰਗ ਓਲੰਪਿਕਸ ਵਿੱਚ ਟੀਮ ਪਹਿਲੀ ਵਾਰ ਕੁਆਲੀਫਾਈ ਵੀ ਨਹੀਂ ਕਰ ਸਕੀ ਸੀ।
ਭਾਰਤੀ ਟੀਮ 2016 ਦੇ ਰੀਓ ਓਲੰਪਿਕ ਵਿੱਚ ਆਖਰੀ ਸਥਾਨ ‘ਤੇ ਰਹੀ ਸੀ। ਪਿਛਲੇ ਪੰਜ ਸਾਲਾਂ ਵਿੱਚ ਭਾਰਤ ਦੀ ਕਾਰਗੁਜ਼ਾਰੀ ਵਿੱਚ ਬਹੁਤ ਸੁਧਾਰ ਹੋਇਆ ਹੈ। ਇਹੀ ਕਾਰਨ ਸੀ ਕਿ ਟੀਮ ਵਿਸ਼ਵ ਰੈਂਕਿੰਗ ਵਿੱਚ ਤੀਜੇ ਸਥਾਨ ‘ਤੇ ਪਹੁੰਚ ਗਈ। ਪਰ ਹੁਣ ਸੈਮੀਫਾਈਨਲ ਵਿੱਚ ਪਹੁੰਚ ਕੇ ਟੀਮ ਇੰਡੀਆ ਨੇ ਇੱਕ ਵਾਰ ਫਿਰ ਇਤਿਹਾਸ ਦੁਹਰਾਇਆ ਹੈ।