ਸੋਮਵਾਰ ਸ਼ਾਮ 5 ਵਜੇ ਪੰਜਾਬ ਸਰਕਾਰ ਵਿਚ 5 ਨਵੇਂ ਮੰਤਰੀ ਸ਼ਾਮਲ ਹੋ ਗਏ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਾਰਿਆਂ ਨੂੰ ਸਹੁੰ ਚੁਕਾਈ। ਜਿਨ੍ਹਾਂ 5 ਵਿਧਾਇਕਾਂ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਗਈ, ਉਨ੍ਹਾਂ ‘ਚ ਸੁਨਾਮ ਤੋਂ ਦੂਜੀ ਵਾ ਵਿਧਾਇਕ ਬਣੇ ਅਮਨ ਅਰੋੜਾ, ਪਹਿਲੀ ਵਾਰ ਚੁਣੇ ਕੇ ਆਏ ਅੰਮ੍ਰਿਤਸਰ ਦੱਖਣ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ, ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਤੇ ਗੁਰੂਹਰਸਹਾਏ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਸ਼ਾਮਲ ਹੈ। ਜਾਣੋ ਨਵੇਂ ਮੰਤਰੀਆਂ ਬਾਰੇ-
ਡਾ. ਇੰਦਰਬੀਰ ਸਿੰਘ ਨੇ 1980 ‘ਚ ਜੰਮੂ ਕਸ਼ਮੀਰ ਯੂਨੀਵਰਸਿਟੀ ਤੋਂ MBBS ਕੀਤੀ ਸੀ, 1988 ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ MD ਰੇਡੀਓਲਾਜੀ ਕੀਤੀ। ਉਹ ਅੰਮ੍ਰਿਤਸਰ ‘ਚ ਡਾਇਗਨਾਸਟਿਕ ਸੈਂਟਰ ਚਲਾਉਂਦੇ ਸਨ। 2017 ‘ਚ ਇੰਦਰਬੀਰ ਸਿੰਘ ਨੇ ਅੰਮ੍ਰਿਤਸਰ ਦੱਖਣੀ ਤੋਂ ਚੋਣ ਲੜੀ ਸੀ ਪਰ ਹਾਰ ਗਏ। 2022 ‘ਚ ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਚੁਣੇ ਗਏ । ਇਸ ਤੋਂ ਬਾਅਦ 16ਵੀਂ ਪੰਜਾਬ ਵਿਧਾਨ ਸਭਾ ਲਈ ਪ੍ਰੋਟੈਮ ਸਪੀਕਰ ਬਣਾਇਆ ਗਿਆ । 8 ਮਈ 2022 ਨੂੰ ਚੀਫ਼ ਖ਼ਲਾਸਾ ਦੀਵਾਨ ਦੇ ਪ੍ਰਧਾਨ ਵਜੋਂ ਚੋਣ ਹੋਈ ਤੇ 4 ਜੁਲਾਈ 2022 ਨੂੰ ਬਣੇ ਪੰਜਾਬ ਦੇ ਕੈਬਨਿਟ ਮੰਤਰੀ ਬਣੇ।
ਅਨਮੋਲ ਗਗਨ ਮਾਨ : 31 ਸਾਲਾ ਅਨਮੋਲ ਗਗਨ ਮਾਨ ਨੇ 12ਵੀਂ ਤਕ ਪੜ੍ਹਾਈ ਕੀਤੀ, 2014 ‘ਚ ਉਨ੍ਹਾਂ ਦਾ ਪਹਿਲਾ ਗੀਤ ‘ਸ਼ੌਕੀਨ ਜੱਟ’ ਆਇਆ ਸੀ। ਉਨ੍ਹਾਂ ਨੂੰ ਮਸ਼ਹੂਰ ਗਾਇਕਾ ਵਜੋਂ ਪੂਰੀ ਦੁਨੀਆ ‘ਚ ਪ੍ਰਸਿੱਧੀ ਮਿਲੀ । 2020 ‘ਚ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਪੰਜਾਬ ਯੂਥ ਵਿੰਗ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ। 2022 ‘ਚ ਖਰੜ ਤੋਂ ਵਿਧਾਇਕਾ ਚੁਣੇ ਗਏ ਤੇ 4 ਜੁਲਾਈ 2022 ਨੂੰ ਕੈਬਨਿਟ ਮੰਤਰੀ ਬਣੇ।
ਅਮਨ ਅਰੋੜਾ : ਤੇਜ਼ ਤਰਾਰ ਮੰਨੇ ਜਾਣ ਵਾਲੇ ਅਮਨ ਅਰੋੜਾ ਸੁਨਾਮ ਤੋਂ ਦੂਜੀ ਵਾਰ ਵਿਧਾਇਕ ਬਣੇ ਹਨ। ਉਨ੍ਹਾਂ ਨੇ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਦੇ ਪਿਤਾ ਬਾਬੂ ਭਗਵਾਨ ਦਾਸ ਅਰੋੜਾ ਕਾਂਗਰਸ ਦੇ ਦਿੱਗਜ਼ ਨੇਤਾਵਾਂ ਵਿਚ ਸ਼ਾਮਲ ਸੀ ਅਤੇ ਕਾਂਗਰਸ ਸਰਕਾਰ ਵਿਚ ਮੰਤਰੀ ਰਹੇ ਸਨ।
ਚੇਤਨ ਸਿੰਘ ਜੌੜਾਮਾਜਰਾ : 54 ਸਾਲ ਦੇ ਚੇਤਨ ਸਿੰਘ ਜੌੜਾਮਾਜਰਾ ਸਮਾਣਾ ਤੋਂ ਵਿਧਾਇਕ ਹਨ ਤੇ ਗੈਰ-ਸਿਆਸੀ ਪਰਿਵਾਰ ਤੋਂ ਹਨ। ਉਹ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪਟਿਆਲਾ ਦੀ ਗ੍ਰਾਮੀਣ ਯੂਨਿਟ ਦੇ ਪ੍ਰੈਜ਼ੀਡੈਂਟ ਰਹਿ ਚੁੱਕੇ ਹਨ। 2022 ਵਿਧਾਨ ਸਭਾ ਚੋਣਾਂ ਵਿਚ ਜੌੜਾਮਾਜਰਾ ਨੇ ਵੱਡੇ ਫਰਕ ਨਾਲ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰਖੜਾ ਨੂੰ ਮਾਤ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਫੌਜਾ ਸਿੰਘ ਸਰਾਰੀ ਗੁਰੂਹਰਸਹਾਏ ਦੇ ਵਿਧਾਇਕ ਹਨ ਤੇ ਸਾਬਕਾ ਪੁਲਿਸ ਮੁਲਾਜ਼ਮ ਹਨ। ਰਿਟਾਇਰਮੈਂਟ ਦੇ ਬਾਅਦ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਸਨ ਅਤੇ ਵੱਡੀ ਜਿੱਤ ਹਾਸਲ ਕੀਤੀ।