ਭਾਜਪਾ ਨਾਲ ਗਠਜੋੜ ਤੋੜ ਕੇ ਨਿਤਿਸ਼ ਕੁਮਾਰ ਨੇ ਕੱਲ੍ਹ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬਿਹਾਰ ਵਿਚ ਨਿਤਿਸ਼ ਦੀ ਅਗਵਾਈ ਵਿਚ 5 ਸਾਲ ਬਾਅਦ ਫਿਰ ਤੋਂ ਮਹਾਗਠਜੋੜ ਸਰਕਾਰ ਬਣਨ ਦਾ ਰਸਤਾ ਸਾਫ ਹੋ ਗਿਆ ਹੈ। ਰਾਸ਼ਟਰੀ ਜਨਤਾ ਦਲ-ਕਾਂਗਰਸ ਅਤੇ ਖੱਬੀਆਂ ਪਾਰਟੀਆਂ ਨਾਲ ਸਾਂਝੀ ਮੀਟਿੰਗ ਕਰਨ ਤੋਂ ਬਾਅਦ ਨਿਤੀਸ਼ ਕੁਮਾਰ ਨੇ ਨਵੀਂ ਸਰਕਾਰ ਦੇ ਗਠਨ ਲਈ ਰਾਜਪਾਲ ਫੱਗੂ ਚੌਹਾਨ ਨੂੰ 164 ਵਿਧਾਇਕਾਂ ਦੇ ਸਮਰਥਨ ਦਾ ਪੱਤਰ ਸੌਂਪਿਆ ਹੈ। ਜਾਣਕਾਰੀ ਮੁਤਾਬਕ ਨਿਤੀਸ਼ ਕੁਮਾਰ ਬੁੱਧਵਾਰ ਦੁਪਹਿਰ 2 ਵਜੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ, ਜਦਕਿ ਤੇਜਸਵੀ ਯਾਦਵ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।
ਰਾਜ ਭਵਨ ‘ਚ ਮਹਾਗਠਜੋੜ ਦੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਤੋਂ ਬਾਅਦ ਤੇਜਸਵੀ ਯਾਦਵ ਨੇ ਭਾਜਪਾ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਆਪਣੀਆਂ ਭਾਈਵਾਲ ਪਾਰਟੀਆਂ ਨੂੰ ਤਬਾਹ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਮਹਾਰਾਸ਼ਟਰ ਵਿੱਚ ਜੋ ਕੁਝ ਵਾਪਰਿਆ ਹੈ, ਉਹ ਸਭ ਨੇ ਦੇਖਿਆ ਹੈ।
ਤੇਜਸਵੀ ਯਾਦਵ ਨੇ ਕਿਹਾ ਕਿ ਬਿਹਾਰ ਨੂੰ ਵਿਸ਼ੇਸ਼ ਦਰਜਾ ਨਹੀਂ ਮਿਲਿਆ। ਨਿਤੀਸ਼ ਕੁਮਾਰ ਨੇ ਇਹ ਮੰਗ ਪੀਐਮ ਮੋਦੀ ਦੇ ਸਾਹਮਣੇ ਰੱਖੀ, ਪਰ ਇਸ ‘ਤੇ ਕੋਈ ਫੈਸਲਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਛੱਡ ਕੇ ਅੱਜ ਬਿਹਾਰ ਦੀਆਂ ਸਾਰੀਆਂ ਪਾਰਟੀਆਂ ਨੇ ਨਿਤੀਸ਼ ਕੁਮਾਰ ਨੂੰ ਆਪਣਾ ਨੇਤਾ ਮੰਨਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਜਦੋਂ ਤੇਜਸਵੀ ਯਾਦਵ ਨੂੰ ਪੁੱਛਿਆ ਗਿਆ ਕਿ ਕੀ ਨਿਤੀਸ਼ ਕੁਮਾਰ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਹੋਣਗੇ। ਇਸ ‘ਤੇ ਉਨ੍ਹਾਂ ਕਿਹਾ ਕਿ ਮੈਂ ਇਹ ਫੈਸਲਾ ਮੁੱਖ ਮੰਤਰੀ ‘ਤੇ ਛੱਡਦਾ ਹਾਂ। ਉਨ੍ਹਾਂ ਕਿਹਾ ਕਿ ਨਿਤੀਸ਼ ਕੁਮਾਰ ਅੱਜ ਦੇ ਸਮੇਂ ਵਿੱਚ ਸਭ ਤੋਂ ਤਜ਼ਰਬੇਕਾਰ ਮੁੱਖ ਮੰਤਰੀ ਹਨ। ਉਨ੍ਹਾਂ ਨੇ ਕੰਮ ਕੀਤਾ ਹੈ। ਤੇਜਸਵੀ ਨੇ ਇਹ ਵੀ ਕਿਹਾ ਕਿ ਅੱਜ ਦੇਸ਼ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਅਤੇ ਅਜਿਹੇ ਸਮੇਂ ਵਿੱਚ ਨਿਤੀਸ਼ ਕੁਮਾਰ ਨੇ ਨਿਡਰ ਫੈਸਲਾ ਲਿਆ ਹੈ। ਨਿਤੀਸ਼ ਕੁਮਾਰ ਦਾ ਇਹ ਕਦਮ ਬਿਹਾਰ ਦੇ ਲੋਕਾਂ ਦੇ ਹਿੱਤ ਵਿੱਚ ਹੈ। ਇਸ ਦੇ ਨਾਲ ਹੀ ਨਿਤੀਸ਼ ਕੁਮਾਰ ਨੇ ਕਿਹਾ ਕਿ ਬਿਹਾਰ ‘ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮੈਨੂੰ ਬੁਰਾ ਲੱਗਾ। ਸਾਡੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਐਨਡੀਏ ਤੋਂ ਵੱਖ ਹੋਣ ਦਾ ਫੈਸਲਾ ਲਿਆ ਹੈ। ਜਿਸ ਤੋਂ ਬਾਅਦ ਮੈਂ ਅਸਤੀਫਾ ਦੇ ਦਿੱਤਾ।