ਸਾਲ 2015 ਦੇ ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੇ ਤਿੰਨੋਂ ਕੇਸਾਂ ਦੀ ਅੱਜ ਸੀਜੇਐੱਮ ਮੋਨਿਕਾ ਲਾਂਬਾ ਦੀ ਅਦਾਲਤ ਵਿਚ ਸੁਣਵਾਈ ਹੋਈ। ਇਸ ਦੌਰਾਨ ਇਨ੍ਹਾਂ ਕੇਸਾਂ ਵਿਚ ਚਾਰਜਸ਼ੀਟ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਰੋਹਤਕ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ੀ ਹੋਈ ਜਦੋਂ ਕਿ ਕੇਸ ਦੇ ਹੋਰ 7 ਦੋਸ਼ੀ ਡੇਰਾ ਪ੍ਰੇਮੀ ਵੀ ਅਦਾਲਤ ਵਿਚ ਹਾਜ਼ਰ ਰਹੇ।
ਸਾਰੇ ਦੋਸ਼ੀਆਂ ਨੂੰ ਚਾਰਜਸ਼ੀਟ ਦੀਆਂ ਕਾਪੀਆਂ ਸੌਂਪੀਆਂ ਗਈਆਂ। ਰਾਮ ਰਹੀਮ ਦੀਆਂ ਕਾਪੀਆਂ ਉਨ੍ਹਾਂ ਦੇ ਵਕੀਲਾਂ ਨੇ ਹਾਸਲ ਕੀਤੀਆਂ। ਅਗਲੀ ਸੁਣਵਾਈ 30 ਮਈ ਨੂੰ ਹੋਵੇਗੀ। ਦੱਸ ਦੇਈਏ ਕਿ ਅਦਾਲਤ ਨੇ ਰਾਮ ਰਹੀਮ ਨੂੰ ਵਿਵਾਦਿਕ ਪੋਸਟਰ ਲਗਾਉਣ ਤੇ ਪਾਵਨ ਸਰੂਪ ਦੀ ਬੇਅਦਬੀ ਕਰਨ ਦੇ ਕੇਸਾਂ ਵਿਚ ਜ਼ਮਾਨਤ ਦਿੱਤੀ ਹੈ।ਦੋਵੇਂ ਹੀ ਮਾਮਲਿਆਂ ਵਿਚ ਅਦਾਲਤ ਨੇ ਰਾਮ ਰਹੀਮ ਨੂੰ 50-50 ਹਜ਼ਾਰ ਦੇ ਬਾਂਡ ਕਰਨ ਦੇ ਹੁਕਮ ਦਿੱਤੇ ਹਨ। ਬੇਅਦਬੀ ਕਾਂਡ ਨਾਲ ਜੁੜੀ ਪਾਵਰ ਸਰੂਪ ਚੋਰੀ ਕੇਸ ਵਿਚ ਰਾਮ ਰਹੀਮ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਮਿਲ ਗਈ ਸੀ ਜਿਸ ਦੇ ਆਧਾਰ ‘ਤੇ ਉਕਤ ਕੇਸ ਵਿਚ ਵੀ ਉਹ ਹੇਠਲੀ ਅਦਾਲਤ ਵਿਚ 50 ਹਜ਼ਾਰ ਦਾ ਬਾਂਡ ਭਰ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਬਰਗਾੜੀ ਬੇਦਅਬੀ ਮਾਮਲੇ ਸਮੇਂ ਕੁੱਲ ਤਿੰਨ ਘਟਨਾਵਾਂ ਸਾਹਮਣੇ ਆਈਆਂ ਸਨ। ਪੰਜਾਬ ਪੁਲਿਸ ਦੀ ਐੱਸਆਈਟੀ ਨੇ ਤਿੰਨਾਂ ਹੀ ਘਟਨਾਵਾਂ ਪਾਵਨ ਸਰੂਪ ਚੋਰੀ ਕਰਨ, ਵਿਵਾਦਿਤ ਪੋਸਟਰ ਲਗਾਉਣ ਤੇ ਪਾਵਨ ਸਰੂਪ ਦੀ ਬੇਅਦਬੀ ਕਰਨ ਦੇ ਦੋਸ਼ ਵਿਚ ਡੇਰਾ ਮੁਖੀ ਨੂੰ ਵੀ ਚਾਰਜਸ਼ੀਟ ਕੀਤਾ ਹੋਇਆ ਹੈ। ਇਨ੍ਹਾਂ ਤਿੰਨਾਂ ਕੇਸਾਂ ਵਿਚ ਕੁਝ ਦਿਨ ਪਹਿਲਾਂ ਹੀ ਡੇਰੀ ਮੁਖੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਫਰੀਦਕੋਟ ਦੀ ਅਦਾਲਤ ਵਿਚ ਪੇਸ਼ੀ ਭੁਗਤੀ ਸੀ ਤੇ ਉਸੇ ਦਿਨ ਡੇਰਾ ਮੁਖੀ ਦੇ ਵਕੀਲਾਂ ਨੇ ਪਾਵਨ ਸਰੂਪ ਚੋਰੀ ਕੇਸ ਵਿਚ ਪੰਜਾਬ ਹਰਿਆਣਾ ਹਾਈਕੋਰਟ ਤੋਂ ਮਿਲੀ ਅਗਾਊਂ ਜ਼ਮਾਨਤ ਦੇ ਆਧਾਰ ‘ਤੇ ਫਰੀਦਕੋਟ ਅਦਾਲਤ ਵਿਚ ਉਨ੍ਹਾਂ ਦਾ 50000 ਦਾ ਜ਼ਮਾਨਤੀ ਬਾਂਡ ਭਰਿਆ ਸੀ।
ਵੀਡੀਓ ਲਈ ਕਲਿੱਕ ਕਰੋ -: