ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਵਿਚ ਅੱਜ ਵੱਡਾ ਹਾਦਸਾ ਵਾਪਰ ਗਿਆ। ਮੀਂਹ ਕਾਰਨ ਨਿਰਮਾਣ ਅਧੀਨ ਮਕਾਨ ਦੀ ਦੀਵਾਰ ਡਿੱਗ ਜਾਣ ਨਾਲ 7 ਬੱਚੇ ਮਲਬੇ ਵਿਚ ਦਬ ਗਏ। ਹੁਸੈਨਪੁਰ ਸ਼ਹਿਜਾਦਪੁਰ ਪਿੰਡ ਵਿਚ ਹੋਏ ਇਸ ਹਾਦਸੇ ਵਿਚ 2 ਬੱਚਿਆਂ ਦੀ ਮੌਤ ਹੋ ਗਈ ਤੇ 5 ਜ਼ਖਮੀ ਹੋ ਗਏ। ਫਿਲਹਾਲ ਸਾਰੇ ਜ਼ਖਮੀਆਂ ਨੂੰ ਭਰਤੀ ਕਰਵਾਇਆ ਗਿਆ ਹੈ।
ਹੁਸੈਨਪੁਰ ਸ਼ਹਿਜਾਦਪੁਰ ਪਿੰਡ ਵਿਚ ਅਤਰ ਸਿੰਘ ਪੁੱਤਰ ਸੋਹਨ ਸਿੰਘ ਦੇ ਮਕਾਨ ਦਾ ਕੰਮ ਚੱਲ ਰਿਹਾ ਹੈ। ਪਿੰਡ ਦੇ ਹੀ 10 ਤੋਂ 12 ਸਾਲ ਦੇ ਬੱਚੇ ਕਾਲੂ ਉਰਫ ਅਭਿਸ਼ੇਕ ਕੁਮਾਰ ਪੁੱਤਰ ਰਾਮ ਪਾਲ ਸਿੰਘ, ਅਭਿਸ਼ੇਕ ਪੁੱਤਰ ਤਾਲੇਵਰ ਸਿੰਘ, ਸਚਿਨ, ਯਸ਼ਵੀਰ ਸਿੰਘ, ਪ੍ਰਸ਼ਾਂਤ ਪੁੱਤਰ ਜੈਪ੍ਰਕਾਸ਼, ਗੌਰਵ ਪੁੱਤਰ ਬੰਟੂ ਸਿੰਘ ਦੁਪਹਿਰ 3 ਵਜੇ ਦੇ ਨੇੜੇ ਪਿੰਡ ਨਿਨਾਮਈ ਦੇ ਪ੍ਰਾਈਵੇਟ ਸਕੂਲ ਤੋਂ ਪੜ੍ਹ ਕੇ ਘਰ ਵਾਪਸ ਪਰਤ ਰਹੇ ਸਨ। ਇਸ ਦੌਰਾਨ ਤੇਜ਼ ਮੀਂਹ ਪੈਣ ਲੱਗਾ। ਪਿੰਡ ਵਿਚ ਪਹੁੰਚਣ ‘ਤੇ 7 ਬੱਚੇ ਉਸੇ ਨਿਰਮਾਣ ਅਧੀਨ ਮਕਾਨ ਦੀ ਦੀਵਾਰ ਦੇ ਨੇੜਿਓਂ ਹੋ ਕੇ ਲੰਘੇ। ਇਸ ਦੌਰਾਨ ਦੀਵਾਰ ਡਿੱਗ ਗਈ ਤੇ ਸੱਤੋਂ ਬੱਚੇ ਮਲਬੇ ਵਿਚ ਦਬ ਗਏ।
ਦੀਵਾਰ ਡਿਗਣ ਨਾਲ ਜ਼ੋਰਦਾਰ ਆਵਾਜ਼ ਸੁਣ ਕੇ ਪਿੰਡ ਵਾਸੀ ਮੌਕੇ ‘ਤੇ ਪਹੁੰਚੇ ਤੇ ਮਲਬਾ ਹਟਾ ਕੇ ਬੱਚਿਆਂ ਨੂੰ ਬਾਹਰ ਕੱਢਿਆ। ਅਧਿਕਾਰੀਆਂ ਨੇ ਜੇਸੀਬੀ ਮੰਗਵਾ ਕੇ ਪਿੰਡ ਵਾਲਿਆਂ ਤੇ ਪੁਲਿਸ ਦੀ ਮਦਦ ਨਾਲ ਬੱਚਿਆਂ ਨੂੰ ਮਲਬੇ ਤੋਂ ਬਾਹਰ ਕਢਵਾ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਕਾਲੂ ਉਰਫ ਅਭਿਸ਼ੇਕ ਪੁੱਤਰ ਰਾਮਪਾਲ, ਅਭਿਸ਼ੇਕ ਪੁੱਤਰ ਤਾਲੇਵਰ ਨੂੰ ਮ੍ਰਿਤਕ ਐਲਾਨ ਦਿੱਤਾ। ਹੋਰ ਜ਼ਖਮੀ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ। ਐੱਸਡੀਐੱਮ ਰਵੀ ਸ਼ੰਕਰ ਨੇ ਦੱਸਿਆ ਕਿ ਪੀੜਤ ਪਰਿਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: