ਜਲੰਧਰ ਸ਼ਹਿਰ ਵਿੱਚ ਵੀਰਵਾਰ ਨੂੰ ਦਿਨ-ਦਿਹਾੜੇ ਇੰਡਸਟਰੀਅਲ ਏਰੀਆ ਸੋਢਲ ਰੋਡ ‘ਤੇ ਯੂਕੇ ਬੈਂਕ ਵਿੱਚੋਂ 13 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੁਪਹਿਰ ਵੇਲੇ 4 ਲੁਟੇਰੇ ਹਥਿਆਰਾਂ ਨਾਲ ਬੈਂਕ ਅੰਦਰ ਦਾਖਲ ਹੋਏ ਅਤੇ ਬੈਂਕ ਵਿੱਚ ਮੌਜੂਦ ਮੁਲਾਜ਼ਮਾਂ ਅਤੇ ਲੋਕਾਂ ਨੂੰ ਬੰਧਕ ਬਣਾ ਕੇ ਲੁੱਟ-ਖੋਹ ਕਰਕੇ ਫਰਾਰ ਹੋ ਗਏ।
ਬੈਂਕ ਮੁਲਾਜ਼ਮਾਂ ਨੇ ਦੱਸਿਆ ਕਿ ਲੁਟੇਰੇ 4 ਸਨ ਜਿਨ੍ਹਾਂ ਵਿੱਚੋਂ 2 ਕੋਲ ਪਿਸਤੌਲ ਸੀ। ਬਰਾਂਚ ‘ਚ ਰੱਖੀ 13 ਲੱਖ ਰੁਪਏ ਦੀ ਨਕਦੀ ਤੋਂ ਇਲਾਵਾ ਉਨ੍ਹਾਂ ਨੇ ਉੱਥੇ ਆਏ ਲੋਕਾਂ ਦੇ ਸੋਨੇ-ਚਾਂਦੀ ਦੇ ਗਹਿਣੇ ਵੀ ਲੁਹਾ ਲਏ। ਬੈਂਕ ਸਟਾਫ ਨੇ ਦੱਸਿਆ ਕਿ ਲੁਟੇਰਿਆਂ ਨੇ ਪਿਸਤੌਲ ਤਾਣ ਕੇ ਲੋਕਾਂ ਨੂੰ ਗਹਿਣੇ ਲਾਹੁਣ ਲਈ ਕਿਹਾ। ਲੁਟੇਰਿਆਂ ਨੇ ਬੈਂਕ ‘ਚ ਮੌਜੂਦ ਔਰਤ ਦੀ ਸੋਨੇ ਦੀ ਚੇਨ, ਬਰੇਸਲੇਟ ਅਤੇ ਮੁੰਦਰੀ ਖੋਹ ਲਈ।ਸਾਰੇ ਲੁਟੇਰਿਆਂ ਨੇ ਆਪਣੀ ਪਛਾਣ ਛੁਪਾਉਣ ਲਈ ਮੂੰਹ ‘ਤੇ ਮਾਸਕ ਪਾਏ ਹੋਏ ਸਨ।
ਦਿਨ-ਦਿਹਾੜੇ ਇਸ ਲੁੱਟ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਕਿਉਂਕਿ ਇਥੇ ਦੀਆਂ ਫੈਕਟਰੀਆਂ ਵਿੱਚੋਂ ਰੋਜ਼ਾਨਾ ਨਕਦੀ ਵੀ ਬੈਂਕ ਵਿੱਚ ਜਮ੍ਹਾਂ ਕਰਵਾਈ ਜਾਂਦੀ ਹੈ ਅਤੇ ਦੇਣਦਾਰੀਆਂ ਲਈ ਨਕਦੀ ਵੀ ਬੈਂਕ ਵਿੱਚੋਂ ਲਿਆਂਦੀ ਜਾਂਦੀ ਹੈ। ਘਟਨਾ ਤੋਂ ਬਾਅਦ ਬੈਂਕ ਕਰਮਚਾਰੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਬੈਂਕ ਪਹੁੰਚ ਕੇ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਲ ਕੀਤੀ।
ਲੁਟੇਰਿਆਂ ਨੇ ਕੈਸ਼ੀਅਰ ਦੇ ਕੈਬਿਨ ਤੱਕ ਪਹੁੰਚਣ ਲਈ ਉੱਥੇ ਲੱਗੇ ਸ਼ੀਸ਼ੇ ਤੋੜ ਦਿੱਤੇ। ਇਸ ਤੋਂ ਬਾਅਦ ਉਹ ਬੈਂਕ ਕੈਸ਼ੀਅਰ ਦੇ ਕੈਬਿਨ ‘ਚ ਦਾਖਲ ਹੋ ਗਏ। ਉਸ ਨੇ ਉੱਥੇ ਰੱਖੀ ਸਾਰੀ ਨਕਦੀ ਇੱਕ ਬੈਗ ਵਿੱਚ ਪਾ ਲਈ। ਪੁਲਿਸ ਨੇ ਬੈਂਕ ਵਿੱਚ ਫੋਰੈਂਸਿਕ ਟੀਮ ਨੂੰ ਵੀ ਬੁਲਾ ਲਿਆ ਹੈ। ਫੋਰੈਂਸਿਕ ਟੀਮ ਬਾਇਓਮੈਟ੍ਰਿਕ ਸਕੈਨਰ ਦੀ ਮਦਦ ਨਾਲ ਸ਼ੀਸ਼ੇ ‘ਤੇ ਲੁਟੇਰਿਆਂ ਦੇ ਉਂਗਲਾਂ ਦੇ ਨਿਸ਼ਾਨਾਂ ਦੀ ਜਾਂਚ ਕਰ ਰਹੀ ਹੈ। ਇਸ ਲੁੱਟ ਦੀ ਗੁੱਥੀ ਨੂੰ ਸੁਲਝਾਉਣ ਲਈ ਪੁਲਿਸ ਵਿਗਿਆਨਕ ਤਰੀਕਿਆਂ ਤੋਂ ਇਲਾਵਾ ਆਪਣੇ ਨੈੱਟਵਰਕ ਦਾ ਵੀ ਸਹਾਰਾ ਲੈ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਚਾਰ ਲੁਟੇਰੇ ਬੈਂਕ ਅੰਦਰ ਦਾਖਲ ਹੋਏ ਸਨ। ਚਾਰੋਂ ਪੂਰੀ ਪਲਾਨਿੰਗ ਨਾਲ ਆਏ ਸਨ। ਚਾਰਾਂ ਵਿੱਚੋਂ ਦੋ ਦੇ ਹੱਥਾਂ ਵਿੱਚ ਪਿਸਤੌਲ ਸਨ। ਇਹ ਦੋਵੇਂ ਲੋਕਾਂ ਨੂੰ ਇੱਕ ਥਾਂ ‘ਤੇ ਇਕੱਠੇ ਕਰਕੇ ਬੰਧਕ ਬਣਾਉਣ ਦਾ ਕੰਮ ਕਰ ਰਹੇ ਸਨ। ਜਦਕਿ ਇਨ੍ਹਾਂ ਲੁਟੇਰਿਆਂ ਦੇ ਦੋ ਸਾਥੀਆਂ ਕੋਲ ਹਥਿਆਰ ਨਹੀਂ ਸਨ। ਉਹ ਬੈਂਕ ਵਿੱਚੋਂ ਨਕਦੀ ਇਕੱਠੀ ਕਰ ਰਹੇ ਸਨ।
ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਬੈਂਸ ਨੇ 131 ਲਾਇਬ੍ਰੇਰੀਅਨਾਂ ਨੂੰ ਵੰਡੇ ਨਿਯੁਕਤੀ ਪੱਤਰ, ਬੋਲੇ- ‘ਡਿਊਟੀ ਤਨਦੇਹੀ ਨਾਲ ਨਿਭਾਓ’
ਲੁੱਟ ਦੀ ਵਾਰਦਾਤ ਸਮੇਂ ਬੈਂਕ ‘ਚ ਮੌਜੂਦ ਗਾਹਕ ਵਿਨੋਦ ਕੁਮਾਰ ਨੇ ਦੱਸਿਆ ਕਿ ਬੈਂਕ ‘ਚ ਦਾਖਲ ਹੁੰਦੇ ਹੀ ਲੁਟੇਰਿਆਂ ਨੇ ਹਵਾ ‘ਚ ਪਿਸਤੌਲ ਲਹਿਰਾਉਂਦੇ ਹੋਏ ਕਿਹਾ, ‘ਜਿਹੜਾ ਜਿਥੇ ਹੈ ਉਥੇ ਹੀ ਖੜ੍ਹਾ ਰਹੇ, ਜੇ ਹਿੱਲੇ ਤਾਂ ਗੋਲੀ ਮਾਰ ਦਿਆਂਗੇ’। ਵਿਨੋਦ ਨੇ ਕਿਹਾ ਕਿ ਬੈਂਕ ਵਿਚ ਸਾਰੇ ਡਰ ਗਏ। ਪਰ ਪਹਿਲਾਂ ਤਾਂ ਉਸ ਨੇ ਸੋਚਿਆ ਕਿ ਸ਼ਾਇਦ ਕੋਈ ਡਰਾਮਾ ਕਰ ਰਿਹਾ ਹੈ। ਪਰ ਜਦੋਂ ਉਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲੱਗੇ ਤਾਂ ਉਹ ਵੀ ਡਰ ਗਿਆ।
ਵੀਡੀਓ ਲਈ ਕਲਿੱਕ ਕਰੋ -: