ਹਿੰਦੂਆਂ ਦਾ ਮੁੱਖ ਤੀਰਥ ਸਥਾਨ ਜਗਨਨਾਥ ਪੁਰੀ ਮੰਦਰ ਹੈ ਜੋ ਆਪਣੀ ਮਹਿਮਾ ਤੇ ਹੈਰਾਨੀਜਨਕ ਤੱਤਾਂ ਕਾਰਨ ਦੁਨੀਆ ਭਰ ਵਿਚ ਮਸ਼ਹੂਰ ਹੈ। ਇਥੇ ਹਰੇਕ ਸਾਲ ਵੱਡੀ ਗਿਣਤੀ ਵਿਚ ਸ਼ਰਧਾਲੂ ਆਉਂਦੇ ਹਨ। ਇਸ ਮੰਦਰ ਨਾਲ ਜੁੜੀਆਂ ਕਈ ਕਹਾਣੀਆਂ ਹਨ, ਜੋ ਸਦੀਆਂ ਤੋਂ ਰਹੱਸ ਬਣੀਆਂ ਹੋਈਆਂ ਹਨ। ਜਾਣੋ ਇਸ ਦੇ ਕੁਝ ਖਾਸ ਰਹੱਸਾਂ ਬਾਰੇ :
ਮੰਦਰ ਦੇ ਉਪਰ ਨਹੀਂ ਉਡ ਪਾਉਂਦਾ ਕੋਈ ਵੀ ਜਹਾਜ਼ ਜਾਂ ਪੰਛੀ
ਜਗਨਨਾਥ ਪੁਰੀ ਮੰਦਰ ਦੀ ਦੇਖਰੇਖ ਗਰੁੜ ਪੰਛੀ ਕਰਦਾ ਹੈ। ਗਰੁੜ ਨੂੰ ਪੰਛੀਆਂ ਦਾ ਰਾਜਾ ਮੰਨਿਆ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਹੋਰ ਪੰਛੀ ਇਸ ਮੰਦਰ ਦੇ ਉਪਰ ਤੋਂ ਨਹੀਂ ਉਡਦੇ ਹਨ। ਜਗਨਨਾਥ ਪੁਰੀ ਮੰਦਰ ਦੇ ਉਪਰ ਇੱਕ 8 ਧਾਤੂ ਚੱਕਰ ਹੈ, ਜਿਸ ਨੂੰ ਨੀਲ ਚੱਕਰ ਕਿਹਾ ਜਾਂਦਾ ਹੈ। ਇਹ ਚੱਕਰ ਮੰਦਰ ਦੇ ਉਪਰ ਤੋਂ ਉਡਣ ਵਾਲੇ ਹਵਾਈ ਜਹਾਜ਼ਾਂ ਵਿਚ ਰੁਕਾਵਟ ਪੈਦਾ ਕਰਦਾ ਹੈ। ਇਸੇ ਕਾਰਨ ਮੰਦਰ ਦੇ ਉਪਰ ਤੋਂ ਕੋਈ ਵੀ ਜਹਾਜ਼ ਨਹੀਂ ਉਡ ਪਾਉਂਦਾ।
ਸ਼੍ਰੀ ਹਰਿ ਕੇ ਚਾਰ ਧਾਮ
ਪੌਰਾਣਿਕ ਕਥਾਵਾਂ ਮੁਤਾਬਕ ਭਗਵਾਨ ਸ਼੍ਰੀ ਹਰਿ ਕ੍ਰਿਸ਼ਨ ਜਦੋਂ ਚਾਰ ਧਾਮ ‘ਤੇ ਗਏ ਤਾਂ ਸਭ ਤੋਂ ਪਹਿਲਾਂ ਬਦਰੀਨਾਥ ਪੁੱਜੇ, ਜਿਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਇਸਨਾਨ ਕੀਤਾ। ਇਸ ਤੋਂ ਬਾਅਦ ਸ਼੍ਰੀ ਹਰਿ ਗੁਜਰਾਤ ਦੇ ਦਵਾਰਕਾ ਗਏ, ਜਿਥੇ ਉਨ੍ਹਾਂ ਨੇ ਕੱਪੜੇ ਬਦਲੇ। ਫਿਰ ਓਡੀਸ਼ਾ ਦੇ ਪੁਰੀ ਪੁੱਜੇ ਜਿਥੇ ਉਨ੍ਹਾਂ ਨੇ ਭੋਜਨ ਕੀਤਾ ਤੇ ਆਖਿਰ ਵਿਚ ਭਗਵਾਨ ਵਿਸ਼ਣੂ ਤਾਮਿਲਨਾਡੂ ਦੇ ਰਾਮੇਸ਼ਵਰ ਗਏ ਜਿਥੇ ਉਨ੍ਹਾਂ ਨੇ ਆਰਾਮ ਕੀਤਾ। ਹਿੰਦੂ ਧਰਮ ਵਿਚ ਧਰਤੀ ਦਾ ਸਵਰਗ ਕਹੇ ਜਾਣ ਵਾਲੇ ਜਗਨਨਾਥ ਪੁਰੀ ਦਾ ਖਾਸ ਮਹੱਤਵ ਹੈ। ਇਥੇ ਭਗਵਾਨ ਸ਼੍ਰੀਕ੍ਰਿਸ਼ਨ, ਸੁਭਦਰਾ ਤੇ ਬਲਰਾਮ ਦਾ ਪੂਰੀ ਵਿਧੀ ਨਾਲ ਪੂਜਨ ਕੀਤਾ ਜਾਂਦਾ ਹੈ।
ਪੁਰੀ ਨਾਲ ਜੁੜੀ ਮਾਨਤਾ
ਜਗਨਨਾਥ ਨਾਲ ਜੁੜੀ ਇੱਕ ਹੋਰ ਮਾਨਤਾ ਹੈ ਕਿ ਭਗਵਾਨ ਕ੍ਰਿਸ਼ਨ ਜੀ ਵੱਲੋਂ ਸਰੀਰ ਦਾ ਤਿਆਗ ਕੀਤੇ ਜਾਣ ਤੋਂ ਬਾਅਦ ਅੰਤਿਮ ਸਸਕਾਰ ਕੀਤਾ ਗਿਆ। ਉਦੋਂ ਸਰੀਰ ਦੇ ਇੱਕ ਹਿੱਸੇ ਨੂੰ ਛੱਡ ਕੇ ਉਨ੍ਹਾਂ ਦਾ ਪੂਰਾ ਸਰੀਰ ਪੰਚ ਤੱਤ ਵਿਚ ਵਿਲੀਨ ਹੋ ਗਿਆ। ਦੱਸਿਆ ਜਾਂਦਾ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਦਿਲ ਇੱਕ ਜ਼ਿੰਦਾ ਇਨਸਾਨ ਦੀ ਤਰ੍ਹਾਂ ਧੜਕਦਾ ਹੈ, ਜੋ ਅੱਜ ਵੀ ਭਗਵਾਨ ਜਗਨਨਾਥ ਦੀ ਮੂਰਤੀ ਅੰਦਰ ਸੁਰੱਖਿਅਤ ਹੈ। ਜਗਨਨਾਥ ਪੁਰੀ ਮੰਦਰ ਵਿਚ ਮਿਲਣ ਵਾਲੇ ਪ੍ਰਸਾਦ ਨੂੰ ਮਹਾਪ੍ਰਸਾਦ ਕਿਹਾ ਜਾਂਦਾ ਹੈ। ਕਹਿੰਦੇ ਹਨ ਕਿ ਇਸ ਦੇ ਪਿੱਛੇ ਇਕ ਖਾਸ ਵਿਧੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਪ੍ਰਸਾਦ ਦੀ ਖਾਸੀਅਤ ਹੈ ਕਿ ਇਸ ਨੂੰ ਮਿੱਟੀ ਦੇ ਭਾਂਡੇ ਵਿਚ ਹੀ ਬਣਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਪ੍ਰਸਾਦ ਗੈਸ ਉਤੇ ਨਹੀਂ ਸਗੋਂ ਲੱਕੜੀ ਦੇ ਚੁੱਲ੍ਹੇ ਉਤੇ ਬਣਾਇਆ ਜਾਂਦਾ ਹੈ।
ਹਵਾ ਦੀ ਉਲਟ ਦਿਸ਼ਾ ਵਿਚ ਲਹਿਰਾਉਂਦਾ ਹੈ ਝੰਡਾ
ਆਮ ਤੌਰ ਉਤੇ ਮੰਦਰ ਦੇ ਉਪਰ ਲੱਗੇ ਝੰਡੇ ਹਵਾ ਦੇ ਅਨੁਕੂਲ ਹੀ ਲਹਿਰਾਉਂਦੇ ਹਨ ਪਰ ਜਗਨਨਾਥ ਪੁਰੀ ਮੰਦਰ ਦੇ ਉਪਰ ਲੱਗਾ ਝੰਡਾ ਹਮੇਸ਼ਾ ਹਵਾ ਦੀ ਉਲਟ ਦਿਸ਼ਾ ਵਿਚ ਲਹਿਰਾਉਂਦਾ ਹੈ।
ਮੰਦਰ ਦਾ ਪ੍ਰਵੇਸ਼ ਦੁਆਰ ਹੈ ਅਦਭੁੱਤ
ਅਕਸਰ ਮੰਦਰਾਂ ਵਿਚ ਇੱਕ ਜਾਂ ਦੋ ਦਰਵਾਜ਼ੇ ਹੁੰਦੇ ਹਨ ਪਰ ਜਗਨਨਾਥ ਪੁਰੀ ਮੰਦਰ ਦੇ ਚਾਰ ਦਰਵਾਜ਼ੇ ਹਨ। ਮੁੱਖ ਦੁਆਰ ਨੂੰ ਸਿੰਹਦਵਾਰਮ ਕਿਹਾ ਜਾਂਦਾ ਹੈ। ਸਿੰਘਦਵਾਰਮ ਦੁਆਰ ਉਤੇ ਸਮੁੰਦਰ ਦੀਆਂ ਲਹਿਰਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਪਰ ਮੰਦਰ ਵਿਚ ਪ੍ਰਵੇਸ਼ ਕਰਦਿਆਂ ਹੀ ਲਹਿਰਾਂ ਦਾ ਆਵਾਜ਼ ਖਤਮ ਹੋ ਜਾਂਦੀ ਹੈ।