ਪੰਜਾਬ ਵਿਜੀਲੈਂਸ ਬਿਊਰੋ ਦੀਆਂ ਭ੍ਰਿਸ਼ਟਾਚਾਰ ਖਿਲਾਫ਼ ਕਾਰਵਾਈਆਂ ਲਗਾਤਾਰ ਜਾਰੀ ਹਨ। ਇਸੇ ਲੜੀ ਵਿੱਚ ਵਿਜੀਲੈਂਸ ਨੇ ਦੋ ਸਹਾਇਕ ਸਬ-ਇੰਸਪੈਕਟਰਾਂ (ਏ.ਐਸ.ਆਈ.) ਬਲਜਿੰਦਰ ਸਿੰਘ ਮੰਡ, ਇੰਚਾਰਜ ਪੁਲਿਸ ਚੌਕੀ, ਫੇਜ਼-6, ਮੋਹਾਲੀ ਅਤੇ ਇਸੇ ਪੁਲਿਸ ਚੌਕੀ ਵਿੱਚ ਤਾਇਨਾਤ ਉਸਦੇ ਸਾਥੀ ਏ.ਐਸ.ਆਈ. ਕੁਲਦੀਪ ਸਿੰਘ ਨੂੰ 25,000 ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਕਰਮਚਾਰੀਆਂ ਨੂੰ ਰਵਿੰਦਰ ਕੁਮਾਰ ਵਾਸੀ ਮੁੰਡੀਆਂ ਕਲਾਂ, ਲੁਧਿਆਣਾ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਕਿ ਉਸ ਦੇ ਪਾਰਸ ਨਾਮ ਦੇ ਦੋਸਤ ਨੂੰ ਉਕਤ ਥਾਣਾ ਇੰਚਾਰਜ ਨੇ ਸ਼ਰਾਬ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ ਅਤੇ ਦੋਵੇਂ ਪੁਲਿਸ ਮੁਲਾਜ਼ਮ ਅਦਾਲਤ ਤੋਂ ਪਾਰਸ, ਜਿਸ ਦਾ ਆਉਣ ਵਾਲੇ ਦਿਨਾਂ ਵਿੱਚ ਵਿਆਹ ਹੋਣਾ ਤੈਅ ਸੀ, ਦੀ ਜ਼ਮਾਨਤ ਕਰਾਉਣ ਵਿੱਚ ਮਦਦ ਕਰਨ ਬਦਲੇ ਪਹਿਲਾਂ ਹੀ ਵੱਖ-ਵੱਖ ਤਰੀਕਾਂ ‘ਤੇ 45,000 ਰੁਪਏ ਲੈ ਚੁੱਕੇ ਹਨ।
ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਕਤ ਪੁਲਿਸ ਅਧਿਕਾਰੀ ਹੁਣ ਪਾਰਸ ਸਮੇਤ ਉਸਦੇ ਇੱਕ ਹੋਰ ਦੋਸਤ ਹਰਮੀਤ ਸਿੰਘ ਨੂੰ ਵੀ ਇਸੇ ਸ਼ਰਾਬ ਦੇ ਮਾਮਲੇ ਵਿੱਚ ਸ਼ਾਮਲ ਨਾ ਕਰਨ ਲਈ 50,000 ਰੁਪਏ ਹੋਰ ਮੰਗ ਰਹੇ ਹਨ।
ਇਹ ਵੀ ਪੜ੍ਹੋ : ਜਾਅਲੀ ਦਸਤਾਵੇਜ਼ਾਂ ‘ਤੇ ਸਿਮ ਕਾਰਡ ਵੇਚਣ ਵਾਲਿਆਂ ਖਿਲਾਫ਼ ਵੱਡੀ ਕਾਰਵਾਈ, 52 FIR ਦਰਜ, 17 ਗ੍ਰਿਫ਼ਤਾਰ
ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ਾਂ ਦੀ ਮੁੱਢਲੀ ਜਾਂਚ ਤੋਂ ਬਾਅਦ ਫਲਾਇੰਗ ਸਕੁਐਡ-1 ਪੰਜਾਬ ਦੀ ਟੀਮ ਨੇ ਐਸ.ਏ.ਐਸ.ਨਗਰ ਵਿਖੇ ਜਾਲ ਵਿਛਾ ਕੇ ਦੋਸ਼ੀ ਪੁਲਿਸ ਚੌਕੀ ਇੰਚਾਰਜ ਬਲਜਿੰਦਰ ਸਿੰਘ ਮੰਡ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ 25,000 ਰੁਪਏ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਕਾਬੂ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: