ਗੁਰੂਗ੍ਰਾਮ ਦੇ ਸੈਕਟਰ-109 ਸਥਿਤ ਚਿੰਟਲ ਪੈਰਾਡਿਸੋ ਨਾਂ ਦੀ ਰਿਹਾਇਸ਼ੀ ਸੁਸਾਇਟੀ ਵਿਚ ਬਹੁ-ਮੰਜ਼ਿਲਾ ਇਮਾਰਤ ਦਾ ਹਿੱਸਾ ਡਿਗਣ ਨਾਲ ਹਾਦਸੇ ਵਿਚ 16 ਘੰਟੇ ਦੇ ਲਗਾਤਾਰ ਬਚਾਅ ਆਪ੍ਰੇਸ਼ਨ ਚਲਾਉਂਦੇ ਹੋਏ ਇੰਡੀਅਨ ਰੇਲਵੇ ਸਰਵਿਸ ਦੇ ਅਧਿਕਾਰੀ ਏ. ਕੇ. ਸ਼੍ਰੀਵਾਸਤਵ ਨੂੰ ਜ਼ਿਲ੍ਹਾ ਪ੍ਰਸ਼ਾਸਨ ਤੇ NDRF ਦੀ ਟੀਮ ਦੀਆਂ ਕੋਸ਼ਿਸ਼ਾਂ ਦੇ ਚੱਲਦਿਆਂ ਸੁਰੱਖਿਅਤ ਕੱਢ ਲਿਆ ਗਿਆ ਹੈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਹਾਦਸੇ ਵਿਚ 4 ਲੋਕਾਂ ਦੇ ਫਸਣ ਦੀ ਸੂਚਨਾ ਮਿਲੀ ਸੀ ਜਿਸ ਵਿਚੋਂ 2 ਨੂੰ ਸੁਰੱਖਿਅਤ ਜੀਵਤ ਕੱਢਣ ਵਿਚ ਸਫਲਤਾ ਮਿਲੀ ਹੈ ਤੇ 2 ਔਰਤਾਂ ਦੀ ਮੌਤ ਹੋ ਗਈ ਹੈ।
ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ, ਵਧੀਕ ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਨਾ, ਪੁਲਿਸ ਕਮਿਸ਼ਨਰ ਕੇਕੇ ਰਾਓ, ਡੀਸੀਪੀ ਦੀਪਕ, ਐਸਡੀਐਮ ਅੰਕਿਤਾ ਚੌਧਰੀ, ਬਾਦਸ਼ਾਹਪੁਰ ਦੇ ਵਿਧਾਇਕ ਰਾਕੇਸ਼ ਦੌਲਤਾਬਾਦ ਦੇ ਨਾਲ ਮੈਡੀਕਲ ਟੀਮ ਵੀ ਦੇਰ ਰਾਤ ਤੱਕ ਮੌਕੇ ‘ਤੇ ਰਹੀ, ਜਿਨ੍ਹਾਂ ਦੀ ਨਿਗਰਾਨੀ ਹੇਠ ਰਾਹਤ ਅਤੇ ਬਚਾਅ ਕਾਰਜ ਚੱਲ ਰਹੇ ਸਨ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਸੁਸਾਇਟੀ ਦੇ ਹੋਰਨਾਂ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਦੇਰ ਰਾਤ ਇਮਾਰਤ ਦੀ ਦੂਸਰੀ ਮੰਜ਼ਿਲ ਤੋਂ ਇਕ ਔਰਤ ਦੀ ਲਾਸ਼ ਕੱਢੀ ਗਈ। ਇਸ ਦੌਰਾਨ ਸ਼੍ਰੀ ਏਕੇ ਸ਼੍ਰੀਵਾਸਤਵ ਅਤੇ ਪਹਿਲੀ ਮੰਜ਼ਿਲ ‘ਤੇ ਫਸੀ ਇਕ ਔਰਤ ਨੂੰ ਬਾਹਰ ਕੱਢਣ ਦਾ ਕੰਮ ਜਾਰੀ ਰਿਹਾ। ਸ਼੍ਰੀ ਵਾਸਤਵ ਦੇ ਸੱਜੇ ਪੈਰ ‘ਤੇ ਛੱਤ ਦਾ ਲੈਂਟਰ ਸਿੱਧਾ ਡਿੱਗ ਗਿਆ ਸੀ ਜਿਸ ਕਾਰਨ ਉਹ ਨਿਕਲ ਨਹੀਂ ਸਕੇ ਸਨ। ਮਲਬਾ ਇੰਨਾ ਜ਼ਿਆਦਾ ਸੀ ਕਿ ਉਸ ਨੂੰ ਚੁੱਕਣਾ ਵੀ ਮੁਸ਼ਕਲ ਸੀ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਸਵੇਰ ਤੱਕ ਮਲਬਾ ਹਟਾਉਣ ਦਾ ਕੰਮ ਚੱਲਦਾ ਰਿਹਾ ਤੇ NDRF ਦੀ ਟੀਮ ਨੇ ਸ਼੍ਰੀਵਾਸਤਵ ਦੇ ਪੈਰ ਨੂੰ ਕੱਟਣ ਦਾ ਸੁਝਾਅ ਦਿੱਤਾ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਸਿਵਲ ਸਰਜਨ ਨੂੰ ਮੌਕੇ ‘ਤੇ ਪੁੱਜ ਕੇ ਸਾਰੇ ਹਾਲਾਤ ਨੂੰ ਦੇਖਦੇ ਹੋਏ ਸਥਿਤੀ ਸਪੱਸ਼ਟ ਕਰਨ ਦੇ ਨਿਰਦੇਸ਼ ਦਿੱਤੇ। ਸਿਵਲ ਸਰਜਨ ਤੇ ਉਨ੍ਹਾਂ ਦੀ ਟੀਮ ਨੇ ਦੇਖਿਆ ਕਿ ਸ਼੍ਰੀ ਵਾਸਤਵਾ ਦਾ ਸੱਜਾ ਪੈਰ ਠੀਕ ਹੈ ਅਤੇ ਉਸ ਵਿਚ ਕਿਤੇ ਵੀ ਫਰੈਕਚਰ ਨਹੀਂ ਹੈ। ਜੇਕਰ ਪੈਰ ਕੱਟਿਆ ਜਾਂਦਾ ਹੈ ਤਾਂ ਸਦਮੇ ਵਿਚ ਸ਼੍ਰੀ ਵਾਸਤਵਾ ਦੀ ਜਾਨ ਵੀ ਜਾ ਸਕਦੀ ਹੈ। ਇਸ ਲਈ ਡੀ. ਸੀ. ਨੇ ਕਿਸੇ ਤਰ੍ਹਾਂ ਪੈਰ ਕੱਢਣ ਦੇ ਨਿਰਦੇਸ਼ ਦਿੱਤੇ ਪਰ ਉਨ੍ਹਾਂ ਦਾ ਜੁੱਤਾ ਰੁਕਾਵਟ ਬਣ ਰਿਹਾ ਸੀ। ਪੈਰ ਦੇ ਹਿੱਸੇ ਨੂੰ ਨਾਰੀਅਲ ਤੇਲ ਨਾਲ ਚਿਕਨਾ ਕਰਕੇ ਸੁਰੱਖਿਅਤ ਕੱਢਣ ਵਿਚ ਸਫਲਤਾ ਹਾਸਲ ਕੀਤੀ ਗਈ।
ਇਸ ਤਰ੍ਹਾਂ ਵੀਰਵਾਰ ਸ਼ਾਮ ਤੱਕ 16 ਘੰਟੇ ਦੀ ਅਣਥੱਕ ਕੋਸ਼ਿਸ਼ਾਂ ਸਦਕਾ ਬਿਲਡਿੰਗ ‘ਚ ਫਸਲੇ 4 ਵਿਚੋਂ 2 ਲੋਕਾਂ ਨੂੰ ਬਾਹਰ ਕੱਢਣ ਵਿਚ ਸਫਲਤਾ ਮਿਲੀ। ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਸੁਸਾਇਟੀ ਦੇ ਵਸਨੀਕਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਦੋਸ਼ੀਆਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸੁਸਾਇਟੀ ਦੇ ਹੋਰਨਾਂ ਵਸਨੀਕਾਂ ਨੂੰ ਵੀ ਇਸ ਸਮੇਂ ਦੌਰਾਨ ਸਬਰ ਰੱਖਣ ਦੀ ਅਪੀਲ ਕੀਤੀ।