ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਸਣੇ ਪੀਟੀਆਈ ਦੇ 80 ਮੈਂਬਰਾਂ ਨੂੰ ਨੋ ਫਲਾਈ ਲਿਸਟ ਵਿੱਚ ਪਾ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਹੁਣ ਉਹ ਦੇਸ਼ ਛੱਡ ਕੇ ਨਹੀਂ ਜਾ ਸਕਣਗੇ। ਇਹ ਪ੍ਰਤੀਕਿਰਿਆ ਉਨ੍ਹਾਂ ਦੇ ਸਮਰਥਕਾਂ ਵੱਲੋਂ ਫੌਜੀ ਸਥਾਪਨਾਵਾਂ ‘ਤੇ ਹਮਲਿਆਂ ਤੋਂ ਬਾਅਦ ਆਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਦੇਸ਼ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਇਮਰਾਨ ਖਾਨ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਖਿਲਾਫ ਵੱਡੇ ਪੱਧਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਸਾਬਕਾ ਪ੍ਰਧਾਨ ਮੰਤਰੀ ਨੇ ਦੇਸ਼ ਦੇ ਕਈ ਸੂਬਿਆਂ ‘ਚ ਧਾਰਾ 245 ਲਾਗੂ ਕਰਨ ਨੂੰ ਲੈ ਕੇ ਇਸ ਨੂੰ ਅਣ-ਐਲਾਨੀ ‘ਮਾਰਸ਼ਲ ਲਾਅ’ ਕਰਾਰ ਦਿੰਦੇ ਹੋਏ ਸਰਕਾਰ ਵਿਰੁੱਧ ਪਟੀਸ਼ਨ ਦਾਇਰ ਕੀਤੀ ਹੈ। ਪਾਕਿਸਤਾਨ ਦੇ ਸੰਵਿਧਾਨ ਦੀ ਧਾਰਾ 245 ਮੁਤਾਬਕ ਦੇਸ਼ ਦੀ ਸੁਰੱਖਿਆ ਲਈ ਸਿਵਲ ਪ੍ਰਸ਼ਾਸਨ ਦੀ ਮਦਦ ਲਈ ਫੌਜ ਬੁਲਾਈ ਜਾ ਸਕਦੀ ਹੈ।
ਸਾਬਕਾ ਪ੍ਰਧਾਨ ਮੰਤਰੀ ਨੇ ਇੱਕ ਟਵੀਟ ਵਿੱਚ ਦੋਸ਼ ਲਗਾਇਆ ਹੈ ਕਿ ਪਾਕਿਸਤਾਨ ਸਰਕਾਰ ਉਨ੍ਹਾਂ ਦੀ ਪਾਰਟੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਟਵੀਟ ‘ਚ ਲਿਖਿਆ ਕਿ ‘ਅੱਜ ਸਭ ਤੋਂ ਵੱਡੀ ਅਤੇ ਇਕਲੌਤੀ ਸੰਘੀ ਪਾਰਟੀ ਬਿਨਾਂ ਕਿਸੇ ਜਵਾਬਦੇਹੀ ਦੇ ਰਾਜ ਸੱਤਾ ਦੇ ਪੂਰੇ ਕਹਿਰ ਦਾ ਸਾਹਮਣਾ ਕਰ ਰਹੀ ਹੈ। ਸੀਨੀਅਰ ਲੀਡਰਸ਼ਿਪ ਸਮੇਤ 10,000 ਤੋਂ ਵੱਧ ਪੀਟੀਆਈ ਵਰਕਰ ਅਤੇ ਸਮਰਥਕ ਜੇਲ੍ਹ ਵਿੱਚ ਹਨ ਅਤੇ ਕੁਝ ਹਿਰਾਸਤ ਵਿੱਚ ਤਸ਼ੱਦਦ ਦਾ ਸਾਹਮਣਾ ਕਰ ਰਹੇ ਹਨ।
ਇਸ ਟਵੀਟ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਉਹ ‘ਅੱਜ ਸੱਤਾ ‘ਚ ਮੌਜੂਦ ਕਿਸੇ ਵੀ ਵਿਅਕਤੀ ਨਾਲ ਗੱਲਬਾਤ ਕਰਨ ਲਈ ਕਮੇਟੀ ਬਣਾਉਣ ਲਈ ਤਿਆਰ ਹਨ। 9 ਮਈ ਨੂੰ ਅਰਧ ਸੈਨਿਕ ਰੇਂਜਰਾਂ ਦੁਆਰਾ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਏ।
ਤੁਹਾਨੂੰ ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ ਇਮਰਾਨ ਖਾਨ ਨੂੰ ਪੀਟੀਆਈ ਸਮਰਥਕਾਂ ਵੱਲੋਂ ਹਿੰਸਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਵਲਪਿੰਡੀ ਵਿਚ ਫੌਜ ਦੇ ਹੈੱਡਕੁਆਰਟਰ ਸਣੇ ਕਈ ਫੌਜੀ ਅਦਾਰਿਆਂ ‘ਤੇ ਭੀੜ ਨੇ ਹਮਲਾ ਕੀਤਾ। ਪੁਲਿਸ ਮੁਤਾਬਕ ਇਸ ਹਿੰਸਕ ਝੜਪ ਵਿੱਚ ਕਰੀਬ 10 ਲੋਕ ਮਾਰੇ ਗਏ ਸਨ।
ਇਹ ਵੀ ਪੜ੍ਹੋ : 2000 ਦੇ ਨੋਟਾਂ ਕਰਕੇ ਜਲੰਧਰ ‘ਚ ਖੂਨੀ ਝੜਪ, ਪੇਮੈਂਟ ਨੂੰ ਲੈ ਕੇ ਹੋਏ ਝਗੜੇ ‘ਚ ਚੱਲੇ ਹਥਿਆਰ
ਇਮਰਾਨ ਖਾਨ ਨੇ ਪੰਜਾਬ, ਖੈਬਰ ਪਖਤੂਨਖਵਾ, ਬਲੋਚਿਸਤਾਨ ਅਤੇ ਇਸਲਾਮਾਬਾਦ ‘ਚ ਧਾਰਾ 245 ਨੂੰ ਲਾਗੂ ਕਰਨ ਨੂੰ ਚੁਣੌਤੀ ਦਿੰਦੇ ਹੋਏ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਮੁਖੀ ਨੇ ਕਿਹਾ ਕਿ ਆਰਮੀ ਐਕਟ, 1952 ਦੇ ਤਹਿਤ ਨਾਗਰਿਕਾਂ ਦੀਆਂ ਗ੍ਰਿਫਤਾਰੀਆਂ, ਜਾਂਚ ਅਤੇ ਮੁਕੱਦਮੇ ਗੈਰ ਸੰਵਿਧਾਨਕ ਅਤੇ ਅਵੈਧ ਹਨ ਅਤੇ ਇਸ ਦਾ ਕੋਈ ਕਾਨੂੰਨੀ ਪ੍ਰਭਾਵ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸੰਵਿਧਾਨ, ਕਾਨੂੰਨ ਦੇ ਰਾਜ ਅਤੇ ਨਿਆਂਪਾਲਿਕਾ ਦੀ ਆਜ਼ਾਦੀ ਨੂੰ ਰੱਦ ਕਰਨ ਦੇ ਬਰਾਬਰ ਹੈ। ਪਟੀਸ਼ਨ ‘ਚ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਪੀਐੱਮਐੱਲ-ਐੱਨ ਮੁਖੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਬੇਟੀ ਮਰੀਅਮ ਨਵਾਜ਼, ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ, ਜੇਯੂਆਈ-ਐੱਫ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਅਤੇ ਹੋਰਾਂ ਨੂੰ ਜਵਾਬਦੇਹ ਬਣਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: