ਸ਼ਨੀਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰੈਲੀ ਵਿੱਚ ਵਿਰੋਧ ਕਰਨ ਵਾਲਿਆਂ ਨਾਲ ਖੂਬ ਧੱਕਾ ਹੁੰਦਾ ਦੇਖਣ ਨੂੰ ਮਿਲਿਆ। ਸੀ. ਐੱਮ. ਚੰਨੀ ਨੇ ਮਹਿਲਕਲਾਂ ਅਨਾਜ ਮੰਡੀ ਵਿਖੇ ਜਿਵੇਂ ਹੀ ਆਪਣਾ ਭਾਸ਼ਣ ਸ਼ੁਰੂ ਕੀਤਾ ਉਥੇ ਟੈੱਟ ਪਾਸ ਬੇਰੋਜ਼ਗਾਰ ਬੀਐੱਡ ਅਧਿਆਪਕਾਂ ਵੱਲੋਂ ਉਨ੍ਹਾਂ ਖਿਲਾਫ ਜ਼ੋਰਦਾਰ ਨਾਅਰੇ ਲਗਾਏ ਗਏ, ਜਿਸ ਤੋਂ ਬਾਅਦ ਉਥੇ ਸਾਦੇ ਕੱਪੜਿਆਂ ਵਿਚ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਪ੍ਰਦਰਸ਼ਨਕਾਰੀਆਂ ਦੀ ਖਿੱਚ-ਧੂਹ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਦੀਆਂ ਪੱਗਾਂ ਤੱਕ ਲੱਥ ਗਈਆਂ।
ਪੁਲਿਸ ਵੱਲੋਂ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ ਗਿਆ ਹੈ ਪਰ ਅਜੇ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਪੁਲਿਸ ਇਨ੍ਹਾਂ ਨੂੰ ਕਿਥੇ ਲੈ ਕੇ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਨੂੰ ਮੀਡੀਆ ਨਾਲ ਵੀ ਗੱਲਬਾਤ ਨਹੀਂ ਕਰਨ ਦਿੱਤੀ ਗਈ ।
ਗੌਰਤਲਬ ਹੈ ਕਿ ਮੁੱਖ ਮੰਤਰੀ ਚੰਨੀ ਨੇ ਮੰਚ ਤੋਂ ਐਲਾਨ ਕੀਤਾ ਕਿ ਜੋ ਟੈਂਕੀ ’ਤੇ ਚੜ੍ਹ ਕੇ ਪ੍ਰਦਰਸ਼ਨ ਕਰਦੇ ਹਨ ਜਾਂ ਚੱਲ ਰਹੇ ਸਮਾਗਮਾਂ ਵਿੱਚ ਖਲਲ ਪਾਉਂਦੇ ਹਨ ਉਨ੍ਹਾਂ ਖ਼ਿਲਾਫ਼ ਹੁਣ ਕੇਸ ਦਰਜ ਹੋਣਗੇ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀ ਜਾਂ ਤਾਂ ਉਨ੍ਹਾਂ ਨਾਲ ਆ ਕੇ ਗੱਲ ਕਰਨ ਜਾਂ ਫਿਰ ਅਜਿਹੇ ਪ੍ਰਦਰਸ਼ਨਾਂ ਤੋਂ ਬਾਜ਼ ਆਉਣ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਮੰਚ ਤੋਂ ਚਿਤਾਵਨੀ ਦਿੰਦਿਆਂ ਕਿਹਾ, ‘ਭਾਵੇਂ ਪਹਿਲਾਂ ਵਾਲਾ ਮੁੱਖ ਮੰਤਰੀ ਸੁੱਤਾ ਨਹੀਂ ਉੱਠਦਾ ਸੀ ਤੇ ਮੈਂ ਹੁਣ ਸੌਂ ਕੇ ਨਹੀਂ ਵੇਖਿਆ, ਜਦੋਂ ਮਰਜ਼ੀ ਮੇਰੇ ਦਰਬਾਰ ਆਓ ਤੇ ਆਪਣੇ ਮਸਲੇ ਹੱਲ ਕਰਵਾਓ।’ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਜੇ ਦਸ ਹਜ਼ਾਰ ਦੇ ਇਕੱਠ ’ਚੋਂ ਦਸ ਬੰਦੇ ਆ ਕੇ ਪ੍ਰਦਰਸ਼ਨ ਕਰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਹੁਣ ਪਰਚੇ ਹੋਣਗੇ।
ਦੇਖੋ ਵੀਡੀਓ : ਨੌਜਵਾਨਾਂ ਨੇ ਚੰਨੀ ਦੇ ਪ੍ਰੋਗਰਾਮ ਦਾ ਕੱਢਿਆ ਜਲੂਸ CM ਚੰਨੀ ਕਹਿੰਦੇ “ਇਸ ਤਰ੍ਹਾਂ ਨਹੀਂ ਸੁਣਾਂਗੇ ਮੰਗਾਂ”
ਵੀਡੀਓ ਲਈ ਕਲਿੱਕ ਕਰੋ -: