ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਨੇ ਮੋਦੀ ਸਰਕਾਰ ਨੇ ਕਿਸਾਨਾਂ ਲਈ ਲਾਗਤ ਘੱਟ ਕਰਨ ਤੇ ਮੁਨਾਫਾ ਵਧਾਉਣ ਦੇ ਫੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਨੇ ਸਾਉਣੀ ਦੇ ਸੀਜ਼ਨ ਲਈ ਫਾਸਫੇਟਿਕ ਅਤੇ ਪੌਸ਼ਟਿਕ ਆਧਾਰਿਤ ਸਬਸਿਡੀ ਦਰਾਂ ਨੂੰ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸਾਉਣੀ ਦੇ ਸੀਜ਼ਨ ਦੌਰਾਨ ਖਾਦਾਂ ‘ਤੇ ਸਬਸਿਡੀ ਵੱਧ ਕੇ 60,939 ਕਰੋੜ ਰੁਪਏ ਹੋ ਗਈ ਹੈ। ਡੀਏਪੀ ਦੇ ਇੱਕ ਬੈਗ ‘ਤੇ 2,501 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ ਦਸੰਬਰ 2024 ਤੱਕ ਪ੍ਰਧਾਨ ਮੰਤਰੀ ਸਟ੍ਰੀਟ ਵੈਂਡਰ ਦੀ ਆਤਮਨਿਰਭਰ ਨਿਧੀ (ਪੀਐਮ ਸਵੈਨਿਧੀ) ਨੂੰ ਜਾਰੀ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਾਉਣੀ ਦਾ ਸੀਜ਼ਨ ਆ ਰਿਹਾ ਹੈ ਤੇ ਰਾਅ ਮਟੀਰੀਅਲ ਕਾਫੀ ਮਹਿੰਗੇ ਹੋ ਰਹੇ ਹਨ। ਹੁਣੇ ਜਿਹੇ ਖਾਦ ਕੰਪਨੀਆਂ ਨੇ ਡੀਏਪੀ ਦੀਆਂ ਕੀਮਤਾਂ ਵਿਚ 150 ਰੁਪਏ ਦਾ ਵਾਧਾ ਕੀਤਾ ਹੈ। ਅਜਿਹੇ ਵਿਚ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਕਿਸਾਨਾਂ ‘ਤੇ ਸਰਕਾਰ ਖਾਦ ਦੀ ਮਹਿੰਗਾਈ ਦਾ ਬੋਝ ਨਹੀਂ ਪਾਉਣਾ ਚਾਹੁੰਦੀ। ਕੈਬਨਿਟ ਦੀ ਬੈਠਕ ਵਿਚ ਫਰਟੀਲਾਈਜ਼ਰ ਸਬਸਿਡੀ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਸਰਕਾਰ ਸਬਸਿਡੀ ਨਹੀਂ ਵਧਾਏਗੀ ਤਾਂ ਕਿਸਾਨਾਂ ਨੂੰ ਮਹਿੰਗਾ ਖਾਦ ਖਰੀਦਣਾ ਪਵੇਗਾ।
ਸਰਕਾਰ ਦੀ ਕੋਸ਼ਿਸ਼ ਹੈ ਕਿ ਰਾਅ ਮਟੀਰੀਅਲ ਦੇ ਰੇਟ ਵਿਚ ਵਾਧੇ ਦਾ ਬੋਝ ਕਿਸਾਨਾਂ ‘ਤੇ ਨਾ ਪਵੇ। ਇਸ ਲਈ ਉਹ ਸਬਸਿਡੀ ਦਾ ਹੋਰ ਭਾਰ ਚੁੱਕਣ ਦੀ ਤਿਆਰੀ ਕਰ ਰਹੀ ਹੈ। ਰੂਸ-ਯੂਕਰੇਨ ਯੁੱਧ ਦੇ ਚੱਲਦਿਆਂ ਕੌਮਾਂਤਰੀ ਬਾਜ਼ਾਰ ਵਿਚ ਖਾਦਾਂ ਦੇ ਕੱਚੇ ਮਾਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਕਿਉਂਕਿ ਫਾਸਫੇਟਿਕ ਅਤੇ ਪੋਟਾਸ਼ੀਅਮ ਖਾਦਾਂ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਖਾਦ ਕੰਪਨੀਆਂ ਮੁਤਾਬਕ ਕੱਚਾ ਮਾਲ ਬਹੁਤ ਮਹਿੰਗਾ ਹੋ ਗਿਆ ਹੈ। ਖਾਦ ਦਾ ਕੱਚਾ ਮਾਲ ਕੈਨੇਡਾ, ਚੀਨ, ਜਾਰਡਨ, ਮਲੇਸ਼ੀਆ, ਇੰਡੋਨੇਸ਼ੀਆ ਅਤੇ ਅਮਰੀਕਾ ਤੋਂ ਵੀ ਆਉਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: