ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ (ਵੀਬੀ) ਨੇ ਸ਼ਨੀਵਾਰ ਨੂੰ ਮੋਟਰ ਵਹੀਕਲ ਇੰਸਪੈਕਟਰ (ਐਮਵੀਆਈ), ਜਲੰਧਰ ਨਰੇਸ਼ ਕਲੇਰ ਨਾਲ ਮਿਲੀਭੁਗਤ ਕਰਕੇ ਵਪਾਰਕ ਅਤੇ ਪ੍ਰਾਈਵੇਟ ਵਾਹਨਾਂ ਦੀ ਜਾਂਚ ਕੀਤੇ ਬਿਨਾਂ ਭਾਰੀ ਰਿਸ਼ਵਤ ਲੈ ਕੇ ਫਿਟਨੈਸ ਸਰਟੀਫਿਕੇਟ ਜਾਰੀ ਕਰਨ/ਪ੍ਰਾਪਤ ਕਰਨ ਵਾਲੇ ਤਿੰਨ ਭਗੌੜੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।
ਵਿਜੀਲੈਂਸ ਬਿਊਰੋ ਨੇ ਸਾਰੇ ਮੁਲਜ਼ਮਾਂ ਦੇ ਮੋਬਾਈਲ ਫੋਨ ਅਤੇ ਸਿਮ ਕਾਰਡ ਜ਼ਬਤ ਕਰ ਲਏ ਹਨ, ਜਿਨ੍ਹਾਂ ਨੂੰ ਇਸ ਕੇਸ ਬਾਰੇ ਹੋਰ ਜਾਣਕਾਰੀ ਲੈਣ ਲਈ ਡਾਟਾ ਮਾਹਿਰਾਂ ਨੂੰ ਭੇਜਿਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਪੰਕਜ ਢੀਂਗਰਾ ਉਰਫ ਭੋਲੂ ਵਾਸੀ ਨਿਊ ਕੈਲਾਸ਼ ਨਗਰ, ਸੋਡਲ ਰੋਡ ਜਲੰਧਰ, ਬ੍ਰਿਜਪਾਲ ਸਿੰਘ ਉਰਫ ਰਿੱਕੀ ਵਾਸੀ ਕ੍ਰਿਸ਼ਨਾ ਨਗਰ, ਜਲੰਧਰ ਅਤੇ ਅਰਵਿੰਦ ਕੁਮਾਰ ਉਰਫ ਬਿੰਦੂ ਵਾਸੀ ਪਿੰਡ ਕ੍ਰਿਸ਼ਨਾ ਨਗਰ ਜਲੰਧਰ। ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਵਿਜੀਲੈਂਸ ਬਿਊਰੋ ਇਸ ਮਾਮਲੇ ਵਿੱਚ ਹੋਰ ਪੁੱਛਗਿੱਛ ਲਈ ਪੁਲਿਸ ਰਿਮਾਂਡ ਦੀ ਮੰਗ ਕਰੇਗਾ।
ਉਨ੍ਹਾਂ ਵੇਰਵੇ ਦਿੰਦਿਆਂ ਦੱਸਿਆ ਕਿ ਬਿਊਰੋ ਵੱਲੋਂ ਐਮ.ਵੀ.ਆਈ., ਜਲੰਧਰ ਦੇ ਦਫ਼ਤਰ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਪ੍ਰਾਈਵੇਟ ਏਜੰਟਾਂ ਦੀ ਮਿਲੀਭੁਗਤ ਨਾਲ ਵੱਡੇ ਪੱਧਰ ‘ਤੇ ਵਾਹਨਾਂ ਲਈ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਵਿੱਚ ਸੰਗਠਿਤ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਗਿਆ।ਬੁਲਾਰੇ ਨੇ ਅੱਗੇ ਦੱਸਿਆ ਕਿ ਬਿਊਰੋ ਨੇ ਪੁਖਤਾ ਸਬੂਤਾਂ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7, 7ਏ ਅਤੇ ਆਈਪੀਸੀ ਦੀ ਧਾਰਾ 7, 7ਏ ਤਹਿਤ ਮੁਕੱਦਮਾ ਨੰਬਰ 14 ਮਿਤੀ 23-08-2022 ਦਰਜ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸ ਮਾਮਲੇ ਵਿੱਚ ਕੁੱਲ 6 ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕੇ ਹਨ ਅਤੇ ਜੇਲ੍ਹ ਵਿੱਚ ਹਨ, ਜਿਨ੍ਹਾਂ ਵਿੱਚ ਨਰੇਸ਼ ਕਲੇਰ, ਰਾਮਪਾਲ ਉਰਫ਼ ਰਾਧੇ, ਮੋਹਨ ਲਾਲ ਉਰਫ਼ ਕਾਲੂ, ਪਰਮਜੀਤ ਸਿੰਘ ਬੇਦੀ, ਸੁਰਜੀਤ ਸਿੰਘ ਅਤੇ ਹਰਵਿੰਦਰ ਸਿੰਘ (ਸਾਰੇ ਪ੍ਰਾਈਵੇਟ ਏਜੰਟ) ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਬਾਕੀ ਭਗੌੜੇ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।