ਵਿਜੀਲੈਂਸ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਖਿਲਾਫ ਆਪਣੀ ਮੁਹਿੰਮ ਦੌਰਾਨ ਬੰਗਾ ਐੱਸਬੀਐੱਸ ਨਗਰ ਦੇ ਇਕ ਰਿਟਾਇਰਟ ਅਸਿਸਟੈਂਟ ਮਿਊਂਸਪਲ ਇੰਜੀਨੀਅਰ ਨੂੰ ਸਟੇਡੀਅਮ ਦੇ ਘਟੀਆ ਨਿਰਮਾਣ ਤੇ ਸਰਕਾਰੀ ਫੰਡ ਦੇ ਗਬਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਅਦਾਲਤ ਨੇ ਦੋਸ਼ੀ ਨੂੰ ਇਕ ਦਿਨ ਦੀ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਹੈ। ਵਿਜੀਲੈਂਸ ਨੇ ਇਸ ਮਾਮਲੇ ਵਿਚ ਹੋਰ ਦੋਸ਼ੀ ਠੇਕੇਦਾਰ ਰਕਵਿੰਦਰ ਕੁਮਾਰ ਤੇ ਜੂਨੀਅਰ ਇੰਜੀਨੀਅਰ ਵਿਜੇ ਕੁਮਾਰ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਦਾ ਗਠਨ ਕੀਤਾ ਹੈ।
ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਨੀਸ਼ ਭਾਰਦਵਾਜ ਵਾਸੀ ਸੀਤਲਾ ਮੰਦਰ ਕਾਲੋਨੀ, ਬੰਗਾ ਦੀ ਸ਼ਿਕਾਇਤ ਦੀ ਜਾਂਚ ਦੌਰਾਨ ਵਿਜੀਲੈਂਸ ਦੀ ਤਕਨੀਕੀ ਟੀਮ ਨੇ ਮਿਨੀ ਸਟੇਡੀਅਮ ਬੰਗਾ ਦੀ ਜਾਂਚ ਕੀਤੀ ਤੇ ਨਮੂਨੇ ਲਏ ਜਿਨ੍ਹਾਂ ਦਾ ਨਿਰੀਖਣ ਸਿੰਚਾਈ ਤੇ ਖੋਜ ਅੰਮ੍ਰਿਤਸਰ ਸੰਸਥਾ ਤੋਂ ਵੀ ਕਰਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਜਾਂਚ ਤੇ ਇਸ ਪ੍ਰਯੋਗਸ਼ਾਲਾ ਤੋਂ ਪ੍ਰਾਪਤ ਰਿਪੋਰਟ ਵਿਚ ਪਾਇਆ ਗਿਆ ਕਿ ਇਸ ਸਟੇਡੀਅਮ ਦੇ ਨਿਰਮਾਣ ਵਿਚ ਸਹੀ ਸਮੱਗਰੀ ਦੀ ਮਾਤਰਾ ਨਿਰਧਾਰਤ ਸਮੱਗਰੀ ਤੋਂ ਘੱਟ ਸੀ।
ਉਨ੍ਹਾਂ ਅੱਗੇ ਕਿਹਾ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਸਟੇਡੀਅਮ ਦੇ ਨਿਰਮਾਣ ਨੂੰ ਟੈਂਡਰ ਸਵੀਕਾਰ ਕਰਦੇ ਸਮੇਂ ਨਗਰ ਪ੍ਰੀਸ਼ਦ ਬੰਗਾ ਦੇ ਅਧਿਕਾਰੀਆਂ ਨੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਅਣਦੇਖੀ ਕੀਤੀ ਤੇ ਠੇਕੇਦਾਰ ਰਖਵਿੰਦਰ ਕੁਮਾਰ ਦੇ ਨਾਲ ਮਿਲੀਭੁਗਤ ਕਰਕੇ ਇਸ ਦੇ ਨਿਰਮਾਣ ਨੂੰ ਲਾਗਤ ‘ਤੇ 87.45 ਲੱਖ ਰੁਪਏ ਵੰਡੇ। ਇਸ ਤੋਂ ਇਲਾਵਾ ਕਈ ਮਹੱਤਵਪੂਰਨ ਤਕਨੀਕੀ ਪਹਿਲੂਆਂ ਦੀ ਵੀ ਅਣਦੇਖੀ ਕੀਤੀ ਗਈ ਤੇ ਉਕਤ ਸਟੇਡੀਅਨ ਦਾ ਨਿਰਮਾਣ ਤਾਲਾਬ ਦੀ ਜ਼ਮੀਨ ਦੀ ਮਜ਼ਬੂਤੀ ਦੀ ਜਾਂਚ ਕੀਤੇ ਬਿਨਾਂ ਤੇ ਡਿਜ਼ਾਈਨ ਤਿਆਰ ਕੀਤੇ ਬਿਨਾਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਘਟੀਆ ਸਮੱਗਰੀ ਕਾਰਨ ਸਟੇਡੀਅਮ ਦੀ ਚਾਰਦੀਵਾਰੀ ਸਮੇਂ ਤੋਂ ਪਹਿਲਾਂ ਕਈ ਥਾਂ ਨੁਕਸਾਨੀ ਗਈ ਤੇ ਸਟੇਡੀਅਮ ਵਿਚ ਬੈਠਣ ਲਈ ਬਣਾਈਆਂ ਗਈਆਂ ਪੌੜੀਆਂ ਵੀ ਨੁਕਸਾਨੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: