ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਮੁਤਾਬਕ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਬੁੱਧਵਾਰ ਨੂੰ ਪੀਐੱਸਪੀਸੀਐੱਲ ਫੋਕਲ ਪੁਆਇੰਟ ਡਵੀਜ਼ਨ ਲੁਧਿਆਣਾ ਵਿਚ ਤਾਇਨਾਤ ਇਕ ਸਬ-ਡਵੀਜ਼ਨਲ ਅਫਸਰ ਮੋਹਨ ਲਾਲ ਤੇ ਇਕ ਲਾਇਨਮੈਨ ਹਰਦੀਪ ਸਿੰਘ ਨੂੰ 5000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਾਜ਼ਮ ਐੱਸਡੀਓ ਤੇ ਲਾਈਨਮੈਨ ਨੂੰ ਲੋਕੇਸ਼ ਮੋਦੀ ਵਾਸੀ ਬਿੱਟੂ ਕਾਲੋਨੀ, ਤਾਜਪੁਰ ਰੋਡ, ਪਿੰਡ ਭਾਮੀਆਂ, ਲੁਧਿਆਣਾ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।
ਜ਼ਿਆਦਾ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਹੈ ਕਿ ਉਕਤ ਐੱਸਡੀਓ ਤੇ ਲਾਈਨਮੈਨ ਨੇ ਉਸ ਦੀ ਫੈਕਟਰੀ ‘ਜੀਵਨ ਸੰਜ਼’ ਦਾ ਦੌਰਾ ਕਰਕੇ ਰਿਸ਼ਵਤ ਦੇਣ ਦੀ ਧਮਕੀ ਦਿੱਤੀ ਹੈ ਨਹੀਂ ਤਾਂ ਉਹ ਉਸ ਦੀ ਫੈਕਟਰੀ ਦਾ ਬਿਜਲੀ ਕੁਨੈਕਸ਼ਨ ਕੱਟ ਦੇਣਗੇ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਸ ਦੀ ਫੈਕਟਰੀ ਦਾ ਬਿਜਲੀ ਬਿੱਲ ਵਿੱਤੀ ਸਮੱਸਿਆ ਕਾਰਨ ਬਕਾਇਆ ਸੀ ਤੇ ਪੀਐੱਸਪੀਸੀਐੱਲ ਨੇ ਕਨੈਕਸ਼ਨ ਕੱਟਣ ਦੇ ਹੁਕਮ ਜਾਰੀ ਕੀਤੇ ਸਨ। ਉਸ ਨੇ ਦੋਸ਼ ਲਗਾਇਆ ਕਿ ਦੋਵੇਂ ਬਿਜਲੀ ਮੁਲਾਜ਼ਮ ਪਹਿਲਾਂ ਵੀ ਵੱਖ-ਵੱਖ ਤਰੀਕਾਂ ‘ਤੇ ਸ਼ਿਕਾਇਤਕਰਤਾ ਤੋਂ 34000 ਰੁਪਏ ਦੀ ਰਿਸ਼ਵਤ ਦੇ ਪੈਸੇ ਫੋਨਐਪ ਦੁਆਰਾ ਕਿਸ਼ਤਾਂ ਵਿਚ ਲੈ ਚੁੱਕੇ ਹਨ ਤੇ ਰਿਸ਼ਵਤ ਵਜੋਂ ਹੋਰ ਪੈਸਿਆਂ ਦੀ ਮੰਗ ਕਰ ਰਹੇ ਹਨ।
ਬੁਲਾਰੇ ਨੇ ਦੱਸਿਆ ਕਿ ਇਸ ਸੂਚਨਾ ਦੀ ਸ਼ੁਰੂਆਤੀ ਜਾਂਚ ਦੇ ਬਾਅਦ ਵਿਜੀਲੈਂਸ ਬਿਊਰੋ ਲੁਧਿਆਣਾ ਯੂਨਿਟ ਨੇ ਜਾਲ ਵਿਛਾਇਆ ਤੇ ਉਕਤ ਦੋਸ਼ੀ ਲਾਈਨਮੈਨ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 5000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਬਾਅਦ ਵਿਚ ਇਸ ਮਾਮਲੇ ਵਿਚ ਉਕਤ ਸਹਿ-ਮੁਲਾਜ਼ਮ ਐੱਸਡੀਓ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ : ਭਲਵਾਨਾਂ ਦੇ ਸੰਘਰਸ਼ ਉੱਪਰ ਜ਼ਬਰ ਵਿਰੁੱਧ SKM ਵਲੋਂ 1 ਜੂਨ ਨੂੰ ਜ਼ਿਲ੍ਹਾ/ਤਹਿਸੀਲ ਕੇਂਦਰਾਂ ‘ਤੇ ਰੋਸ ਮੁਜ਼ਾਹਰੇ ਕਰਨ ਦਾ ਸੱਦਾ
ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਮੁਲਾਜ਼ਮਾਂ ਖਿਲਾਫ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7 ਤੇ ਆਈਪੀਸੀ ਦੀ ਧਾਰਾ 120-ਬੀ ਦੇ ਅਧੀਨ ਤਰੀਕ 31.5.2023 ਨੂੰ ਐੱਫਆਈਆਰ ਨੰਬਰ 11 ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਚ ਦਰਜ ਕੀਤੀ ਗਈ ਹੈ। ਮੁਲਾਜ਼ਮਾਂ ਨੂੰ ਕੱਲ੍ਹ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅੱਗੇ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: