ਪੰਜਾਬ ਵਿਜੀਲੈਂਸ ਬਿਊਰੋ ਨੇ ਕਰਨਾਨਾ ਮਲਟੀਪਰਪਜ਼ ਐਗਲੀਕਲਚਰਲ ਸਰਵਿਸ ਸੁਸਾਇਟੀ ਲਿਮਟਿਡ ਗ੍ਰਾਮ ਕਰਨਾਨਾ, ਜ਼ਿਲ੍ਹਾ ਐੱਸਬੀਐੱਸ ਨਗਰ ਵਿਚ 7 ਕਰੋੜ ਦੇ ਘਪਲੇ ਦਾ ਪਰਦਾਫਾਸ਼ ਕੀਤਾ ਹੈ ਤੇ ਜਲੰਧਰ ਦੇ ਵੀਬੀ ਥਾਣੇ ਵਿਚ 7 ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਬਿਊਰੋ ਦੇ 5 ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੁਸਾਇਟੀ ਦੇ ਖਾਤਿਆਂ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਉਕਤ ਸਹਿਕਾਰੀ ਸੰਮਤੀ ਦੇ ਅਧਿਕਾਰੀਆਂ/ਮੁਲਾਜ਼ਮਾਂ ਦੀ ਮਿਲੀਭੁਗਤ ਨਾਲ 7,14,07,596.23 ਰੁਪਏ ਦਾ ਘਪਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉੁਕਤ ਸੁਸਾਇਟੀ ਵਿਚ ਲਗਭਗ 1000 ਖਾਤਾ ਧਾਰਕ ਹਨ। ਇਹ ਸੁਸਾਇਟੀ ਵੱਡੀ ਮਾਤਰਾ ਵਿਚ ਖੇਤੀ ਭੂਮੀ ਜੋਤਣ ਲਈ ਇੰਡੀਅਨ ਆਇਲ ਪੈਟਰੋਲ ਪੰਪ, ਟਰੈਕਟਰ ਤੇ ਖੇਤੀ ਉਪਕਰਣ ਚਲਾ ਰਹੀ ਹੈ। ਇਸ ਤੋਂ ਇਲਾਵਾ ਉਕਤ ਸੁਸਾਇਟੀ ਕਿਸਾਨਾਂ ਨੂੰ ਖਾਦ ਤੇ ਕੀਟਨਾਸ਼ਕ ਵੀ ਵੇਚਦੀ ਹੈ ਅਤੇ ਉਕਤ ਸੁਸਾਇਟੀ ਵਿਚ ਵੱਖ-ਵੱਖ ਥਾਵਾਂ ‘ਤੇ ਕੁੱਲ 6 ਮੁਲਾਜ਼ਮ ਕੰਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਦੇ ਬਾਅਦ ਪਤਾ ਲੱਗਾ ਹੈ ਕਿ ਪਿੰਡ ਕਰਨਾਨਾ ਦੇ ਐੱਨਆਰਆਈ ਅਤੇ ਇਸ ਪਿੰਡ ਦੇ ਲੋਕਾਂ ਨੂੰ ਉਕਤ ਸੁਸਾਇਟੀ ਦੇ ਨਾਂ ‘ਤੇ ਕਰੋੜਾਂ ਰੁਪਏ ਦੀ ਐੱਫਡੀਆਰ ਮਿਲੀ ਹੈ। ਉਕਤ ਸਭਾ ਦੇ ਸਕੱਤਰ ਇੰਦਰਜੀਤ ਧੀਰ, ਜੋ ਪਹਿਲਾਂ ਕੈਸ਼ੀਅਰ ਵੀ ਰਹਿ ਚੁੱਕੇ ਹਨ, ਨੇ ਪ੍ਰਧਾਨ ਰਣਧੀਰ ਸਿੰਘ ਤੇ ਮੌਜੂਦਾ ਕੈਸ਼ੀਅਰ ਹਰਪ੍ਰੀਤ ਸਿੰਘ ਦੀ ਮਿਲੀਭੁਗਤ ਨਾਲ ਉਕਤ ਐੱਫਡੀਆਰ ‘ਤੇ ਸੀਮਾ ਨਿਰਧਾਰਤ ਕਰਕੇ ਕਰੋੜਾਂ ਰੁਪਏ ਦਾ ਗਬਨ ਕੀਤਾ। ਬੁਲਾਰੇ ਨੇ ਦੱਸਿਆ ਕਿ ਤਕਨੀਕੀ ਟੀਮ ਵੱਲੋਂ 1 ਅਪ੍ਰੈਲ 2018 ਤੋਂ 31 ਮਾਰਚ 2020 ਤੱਕ ਜਾਂਚ ਦੌਰਾਨ ਸਭਾ ਦੇ ਮੈਂਬਰਾਂ ਵੱਲੋਂ ਲਏ ਗੇ ਕਰਜ਼ੇ ਤੇ ਮੈਂਬਰਾਂ ਦੀ ਜਮ੍ਹਾ ਰਕਮ 7,14,07,596.23 ਰੁਪਏ ਵਿਚ ਧਾਂਦਲੀ ਪਾਈ ਗਈ।
ਇਸ ਘਪਲੇ ਦਾ ਵੇਰਵਾ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਸਕੱਤਰ ਇੰਦਰਜੀਤ ਧੀਰ ਵੱਲੋਂ ਸੁਸਾਇਟੀ ਵਿਚ 2 ਕੰਪਿਊਟਰ ਲਗਾਏ ਗਏ ਸਨ ਜਿਨ੍ਹਾਂ ਵਿਚੋਂ ਇਕ ਪ੍ਰਣਾਲੀ ਮੈਂਬਰਾਂ ਨੂੰ ਰਿਕਾਰਡ ਦਿਖਾਉਣ ਲਈ ਸੀ ਤਾਂ ਕਿ ਉਨ੍ਹਾਂ ਨੇ ਐਂਟਰੀਆਂ ਬਾਰੇ ਸੰਤੁਸ਼ਟ ਕੀਤਾ ਜਾ ਸਕੇ। ਦੂਜੇ ਕੰਪਿਊਟਰ ‘ਚ ਦੇਖਿਆ ਗਿਆ ਕਿ ਸਕੱਤਰ ਆਡਿਟ ਟੀਮ ਤੇ ਦੂਜੇ ਅਧਿਕਾਰੀਆਂ ਤੋਂ ਤਸਦੀਕ ਲਈ ਕੀਤੀ ਗਈ ਧੋਖਾਧੜੀ ਦੀ ਮਾਤਰਾ ਦੇ ਅਨੁਸਾਰ ਡਾਟਾ ਨੂੰ ਫੀਡ ਕਰਨ ਲਈ ਵਰਤਿਆ ਜਾਂਦਾ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਦਾ ਐਲਾਨ, ਭਲਕੇ ਜਲੰਧਰ ਦੇ ਸਾਰੇ ਸਕੂਲਾਂ ਵਿਚ ਹੋਵੇਗੀ ਛੁੱਟੀ
ਇਸ ਘਪਲੇ ਦੀ ਜਾਂਚ ‘ਚ ਸਾਹਮਣੇ ਆਇਆ ਕਿ ਸਾਬਕਾ ਸਕੱਤਰ ਇੰਦਰਜੀਤ ਧੀਰ, ਹਰਪ੍ਰੀਤ ਕੈਸ਼ੀਅਰ, ਰਣਧੀਰ ਸਿੰਘ ਸਾਬਕਾ ਪ੍ਰਧਾਨ, ਸੁਖਵਿੰਦਰ ਸਿੰਘ ਉਪ ਪ੍ਰਧਾਨ, ਰਵਿੰਦਰ ਸਿੰਘ ਸੰਮਤੀ ਮੈਂਬਰ, ਮਹਿੰਦਰ ਲਾਲ ਸੰਮਤੀ ਮੈਂਬਰ ਤੇ ਕਮਲਜੀਤ ਸਿੰਘ ਸੰਮਤੀ ਮੈਂਬਰ ਨੇ ਇਕ ਦੂਜੇ ਦੀ ਮਿਲੀਭੁਗਤ ਨਾਲ ਉਕਤ ਸੁਸਾਇਟੀ ਵਿਚ 7,14,07,596.23 ਰੁਪਏ ਦੀ ਧੋਖਾਧੜੀ ਕੀਤੀ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਉਪਰੋਕਤ ਦੋਸ਼ੀਆਂ ਖਿਲਾਫ ਆਈਪੀਸੀ ਦੀ ਧਾਰਾ 406, 409, 420, 465, 468, 471, 477-ਏ, 120-ਬੀ ਅਤੇ ਧਾਰਾ 13 (ਭ੍ਰਿਸ਼ਟਾਚਾਰ ਰੋਕੂ ਐਕਟ) ਤਹਿਤ ਮੁਕੱਦਮਾ ਨੰਬਰ 15 ਮਿਤੀ 29 ਅਗਸਤ 2022 ਨੂੰ ਆਈ.ਪੀ.ਸੀ. 1), 13(2) ਤਹਿਤ ਵਿਜੀਲੈਂਸ ਬਿਓਰੋ, ਥਾਣਾ ਜਲੰਧਰ ਵਿਖੇ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਮੁਲਜ਼ਮ ਰਣਧੀਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਹਿੰਦਰ ਲਾਲ ਅਤੇ ਕਮਲਜੀਤ ਸਿੰਘ (ਸਾਰੇ ਵਾਸੀ ਪਿੰਡ ਕਰਨਾਣਾ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “























