ਚੰਡੀਗੜ੍ਹ : ਗੈਰ-ਕਾਨੂੰਨੀ ਮਾਈਨਿੰਗ ਅਤੇ ਦਰੱਖਤਾਂ ਦੀ ਕਟਾਈ ਦੇ ਬਦਲੇ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਵਿਜੀਲੈਂਸ ਦੀ ਹਿਰਾਸਤ ਵਿਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਜਾਂਚ ਦੌਰਾਨ ਕਰੋੜਾਂ ਦੀ ਜਾਇਦਾਦ ਦਾ ਖੁਲਾਸਾ ਹੋਇਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਹਿਮਾਚਲ ਵਿਚ ਇਕ ਰਿਜ਼ੋਰਟ ਅਤੇ ਰਾਜਸਥਾਨ ਵਿਚ ਕਰੀਬ 150 ਏਕੜ ਜ਼ਮੀਨ ਵੀ ਹੈ। ਵਿਜੀਲੈਂਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੇਕਰ ਤੱਥ ਸਹੀ ਪਾਏ ਗਏ ਤਾਂ ਅਗਲੇਰੀ ਜਾਂਚ ਲਈ ਵਿਜੀਲੈਂਸ ਦੀਆਂ ਟੀਮਾਂ ਦੋਵਾਂ ਰਾਜਾਂ ਵਿੱਚ ਭੇਜੀਆਂ ਜਾਣਗੀਆਂ।
ਵਿਜੀਲੈਂਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਧਰਮਸੋਤ ਵੱਲੋਂ ਬਣਾਈ ਜਾਇਦਾਦ ਵਿੱਚ ਭ੍ਰਿਸ਼ਟਾਚਾਰ ਕਰਕੇ ਕਮਾਏ ਪੈਸੇ ਦੀ ਵਰਤੋਂ ਤਾਂ ਨਹੀਂ ਕੀਤੀ ਗਈ। ਅਦਾਲਤ ਨੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਓਐਸਡੀ ਕਮਲਜੀਤ ਸਿੰਘ, ਚਮਕੌਰ ਸਿੰਘ ਦੇ ਰਿਮਾਂਡ ਵਿੱਚ 3 ਦਿਨ ਦਾ ਵਾਧਾ ਕੀਤਾ ਹੈ।
ਹੁਣ ਵਿਜੀਲੈਂਸ ਸਾਧੂ ਸਿੰਘ ਧਰਮਸੋਤ ਤੋਂ ਹੋਰ ਪੁੱਛਗਿੱਛ ਕਰੇਗੀ। ਜਿਸ ‘ਚ ਕਈ ਵੱਡੇ ਖੁਲਾਸੇ ਹੋ ਸਕਦੇ ਹੈ। ਪੁੱਛਗਿੱਛ ‘ਚ ਇਹ ਵੀ ਖੁਲਾਸਾ ਹੋਇਆ ਹੈ ਕਿ ਧਰਮਸੋਤ ਨੇ ਜੰਗਲਾਤ ਮੰਤਰੀ ਹੁੰਦਿਆਂ 11 ਜਾਇਦਾਦਾਂ ਬਣਾਈਆਂ ਸਨ, ਹੁਣ ਉਨ੍ਹਾਂ ਦੇ 3 ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਮੋਹਾਲੀ, ਰੋਪੜ, ਲੁਧਿਆਣਾ, ਪਟਿਆਲਾ, ਜ਼ੀਰਕਪੁਰ, ਖਰੜ ਅਤੇ ਰੂਪਨਗਰ ਵਿੱਚ ਧਰਮਸੋਤ ਦੀਆਂ ਜਾਇਦਾਦਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਵਿਭਾਗ ਨੇ ਧਰਮਸੋਤ ਖਿਲਾਫ ਦਰੱਖਤਾਂ ਕਟਾਈ ਦੇ ਬਦਲੇ ਰਿਸ਼ਵਤ ਲੈਣ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਹੈ। ਸਾਬਕਾ ਮੰਤਰੀ ਧਰਮਸੋਤ ‘ਤੇ ਵਿਭਾਗੀ ਤਬਾਦਲਿਆਂ ਦੇ ਬਦਲੇ ਰਿਸ਼ਵਤ ਲੈਣ ਦਾ ਵੀ ਦੋਸ਼ ਹੈ। ਵਿਭਾਗੀ ਤਬਾਦਲਿਆਂ ਲਈ ਰੇਟ ਚਾਰਟ ਵੀ ਤਿਆਰ ਕੀਤਾ ਗਿਆ ਸੀ, ਜਿਸ ਅਨੁਸਾਰ ਡੀਐਫਓ ਦੇ ਤਬਾਦਲੇ ਲਈ 10-20 ਲੱਖ ਰੁਪਏ, ਰੇਂਜ ਅਫ਼ਸਰ ਲਈ 5-8 ਲੱਖ ਰੁਪਏ, ਬਲਾਕ ਅਫ਼ਸਰ ਲਈ 5 ਲੱਖ ਰੁਪਏ, ਅਤੇ ਜੰਗਲਾਤ ਗਾਰਡ ਲਈ 2-3 ਲੱਖ ਰੁਪਏ ਰੱਖੇ ਗਏ ਸਨ। ਇਸ ਤੋਂ ਇਲਾਵਾ ਵਿਜੀਲੈਂਸ ਨੂੰ ਇਹ ਵੀ ਪਤਾ ਲੱਗਾ ਹੈ ਕਿ ਵਿਭਾਗ ਦੀ ਜ਼ਮੀਨ ‘ਤੇ ਬਣੀਆਂ ਸੜਕਾਂ ਅਤੇ ਇਮਾਰਤਾਂ ਦੇ 156 ਐਨਓਸੀ ਦੇ ਬਦਲੇ 50 ਲੱਖ ਤੋਂ 2.50 ਕਰੋੜ ਰੁਪਏ ਦੀ ਰਿਸ਼ਵਤ ਲਈ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: