ਮਮਦੋਟ : ਲੋਕਾਂ ਨੂੰ ਫੋਕੀ ਟੌਹਰ ਵਿਖਾਉਣ ਵਾਸਤੇ ਮੇਲੇ ਵਿਚ ਜਾਣਾ ਨੌਜਵਾਨ ਨੂੰ ਇਸ ਕਦਰ ਮਹਿੰਗਾ ਪੈ ਗਿਆ ਕਿ ਬੀਐਸਐਫ ਦੇ ਜਵਾਨਾਂ ਨੇ ਫੜ੍ਹਕੇ ਉਸ ਨੂੰ ਮਮਦੋਟ ਪੁਲਸ ਦੇ ਹਵਾਲੇ ਕਰ ਦਿੱਤਾ, ਜਿਸ ਤੋਂ ਬਾਅਦ ਹੁਣ ਉਸਨੂੰ ਜੇਲ੍ਹ ਦੀ ਯਾਤਰਾ ਕਰਨੀ ਪਵੇਗੀ । ਕਾਬੂ ਕੀਤੇ ਗਏ ਨੌਜਵਾਨ ਕੋਲੋਂ ਮੁੱਢਲੀ ਪੁੱਛਗਿੱਛ ਕਰਦਿਆਂ ਉਸ ਖ਼ਿਲਾਫ਼ ਫੌਜ ਦੀ ਵਰਦੀ ਪਾਉਣ ‘ਤੇ ਰੋਕ ਸਬੰਧੀ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ। ਦੂਸਰੇ ਪਾਸੇ ਸੁਰੱਖਿਆ ਜਵਾਨਾਂ ਦੀ ਤਿੱਖੀ ਨਜ਼ਰ ਹੇਠ ਜ਼ੀਰੋ ਲਾਈਨ ਤੇ ਲੱਗੇ ਮੇਲੇ ਵਿਚ ਪਾਬੰਦੀਸ਼ੁਦਾ ਆਰਮੀ ਵਰਦੀ ਪਾ ਕੇ ਸਰਹੱਦ ਦੇ ਨੇੜੇ ਪਹੁੰਚਣ ਸਬੰਧੀ ਮਾਮਲੇ ਨੂੰ ਸਾਰੀਆਂ ਸੁਰੱਖਿਆ ਏਜੰਸੀਆਂ ਵੱਲੋਂ ਬਰੀਕੀ ਨਾਲ ਵੇਖਿਆ ਜਾ ਰਿਹਾ ਹੈ।
ਪੁਲਿਸ ਕੋਲ ਦਿੱਤੀ ਸ਼ਿਕਾਇਤ ਵਿੱਚ ਬੀ ਐੱਸ ਐੱਫ 29 ਬਟਾ. ਐੱਸ ਐੱਲ ਵਾਲਾ ਦੇ ਸਬ-ਇੰਸਪੈਕਟਰ ਕਸ਼ਿਸ਼ ਹੌਲਦਾਰ ਨੇ ਦੱਸਿਆ ਕਿ ਕੱਲ ਅੰਤਰਰਾਸ਼ਟਰੀ ਜ਼ੀਰੋ-ਲਾਈਨ ‘ਤੇ ਸਥਿਤ ਪੀਰ ਬਾਬਾ ਦੀ ਮਜ਼ਾਰ ‘ਤੇ ਮੇਲਾ ਲੱਗਾ ਸੀ, ਜਿਸ ‘ਚ ਮਨਦੀਪ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਆਲੀ ਕੇ (ਥਾਣਾ ਫੂਲ) ਜ਼ਿਲ੍ਹਾ ਬਠਿੰਡਾ ਫੌਜ ਦੀ ਵਰਦੀ ਪਾ ਕੇ ਘੁੰਮ ਰਿਹਾ ਸੀ ਕਿ ਸ਼ੱਕ ਪੈਣ ‘ਤੇ ਜਵਾਨਾਂ ਨੇ ਕਾਬੂ ਕਰ ਲਿਆ ਗਿਆ। ਬੀ ਐਸ ਐਫ ਵੱਲੋਂ ਮੁੱਢਲੀ ਪੁੱਛਗਿੱਛ ਕਰਨ ਤੋਂ ਬਾਅਦ ਉਕਤ ਨੌਜਵਾਨ ਨੂੰ ਥਾਣਾ ਮਮਦੋਟ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਨੇ ਦੱਸਿਆ ਹੈ ਕਿ ਉਸਨੂੰ ਪਤਾ ਲੱਗਾ ਸੀ ਕਿ ਸਰਹੱਦ ‘ਤੇ ਮੇਲਾ ਲੱਗਦਾ ਹੈ ਅਤੇ ਫੌਜ ਦੀ ਵਰਦੀ ਪਾਉਣ ਦੇ ਸ਼ੌਕ ਨੂੰ ਪੂਰਾ ਕਰਨ ਲਈ ਰਾਹ ਵਿੱਚ ਪਾ ਲਈ।
ਵੀਡੀਓ ਲਈ ਕਲਿੱਕ ਕਰੋ -:
ਸਰਕਾਰੀ ਬੰਦਾ ਮੰਗੇ ਰਿਸ਼ਵਤ ਤਾਂ ਵੀਡੀਓ ਬਣਾ ਕਰੋ ਇਸ ਨੰਬਰ ਤੇ Send, ਲੱਗੂ ਕਲਾਸ, ਆਹ ਨੰਬਰ ਕਰ ਲਓ Save !
ਥਾਣਾ ਮੁਖੀ ਇੰਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਫੌਜ ਦੀ ਵਰਦੀ ਪਾ ਕੇ ਸਰਹੱਦ ਦੇ ਨੇੜੇ ਇਸ ਨੌਜਵਾਨ ਦੇ ਪੁੱਜਣ ਸਬੰਧੀ ਮਾਮਲੇ ਨੂੰ ਬੜੀ ਬਰੀਕੀ ਨਾਲ ਵੇਖਿਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਫੌਜ ਦੀ ਵਰਦੀ ਪਾਉਣ ਸਬੰਧੀ ਲੱਗੀ ਰੋਕ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਉਕਤ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।