ਮੁੱਖ ਮੰਤਰੀ ਮਾਨ ਵੱਲੋਂ ਲਗਾਤਾਰ ਪੰਜਾਬ ਦੇ ਲੋਕਾਂ ਲਈ ਵੱਡੇ-ਵੱਡੇ ਐਲਾਨ ਕੀਤੇ ਜਾਂਦੇ ਰਹੇ ਹਨ। ਅਜਿਹਾ ਹੀ ਇਕ ਵੱਡਾ ਐਲਾਨ CM ਮਾਨ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿਅਸੀਂ ਪੰਜਾਬ ਵਿੱਚ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਕੇ ਸਾਰੇ ਡਿਗਰੀ ਹੋਲਡਰਾਂ ਨੂੰ ਕੰਮ ਦੇਵਾਂਗੇ। ਇਹ ਐਲਾਨ ਉੁਨ੍ਹਾਂ ਵਿਸ਼ਵਕਰਮਾ ਦਿਵਸ ਮੌਕੇ ਲੁਧਿਆਣਾ ਵਿਚ ਰਾਜ ਪੱਧਰੀ ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ ਸਭਾ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਬ੍ਰਹਿਮੰਡ ਵਿੱਚ ਰਚਨਾਤਮਕਤਾ, ਇੰਜੀਨੀਅਰਿੰਗ, ਨਿਰਮਾਣ ਸ਼ੈਲੀ ਅਤੇ ਤਕਨਾਲੋਜੀ ਦੇ ਆਗੂ ਸਨ। ਪਿਛਲੀਆਂ ਸਰਕਾਰਾਂ ਨੇ ਸੂਬੇ ਦੀ ਦੌਲਤ ਨੂੰ ਬੇਰਹਿਮੀ ਨਾਲ ਲੁੱਟਿਆ ਅਤੇ ਸੂਬੇ ਦਾ ਅਥਾਹ ਨੁਕਸਾਨ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਹੁਣ ਉਹ ਭਗਵਾਨ ਵਿਸ਼ਵਕਰਮਾ ਦੇ ਆਸ਼ੀਰਵਾਦ ਨਾਲ ਸੂਬੇ ਨੂੰ ਹੋਏ ਨੁਕਸਾਨ ਦੀ ਭਰਪਾਈ ਕਰਨ ਵਿੱਚ ਰੁੱਝੇ ਹੋਏ ਹਨ।
ਮਜ਼ਦੂਰਾਂ ਅਤੇ ਕਾਰੀਗਰਾਂ ਨੂੰ ਸੂਬੇ ਅਤੇ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਠੋਸ ਉਪਰਾਲੇ ਕਰਨ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਭਗਵਾਨ ਵਿਸ਼ਵਕਰਮਾ ਨੂੰ ਸੱਚੀ ਅਤੇ ਢੁਕਵੀਂ ਸ਼ਰਧਾਂਜਲੀ ਹੋਵੇਗੀ। ਮਾਨ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਦੀ ਵਿਚਾਰਧਾਰਾ ਅਤੇ ਸਿੱਖਿਆਵਾਂ ਅਨੁਸਾਰ ਪੰਜਾਬ ਸਰਕਾਰ ਸੂਬੇ ਭਰ ਦੇ ਨੌਜਵਾਨਾਂ ਨੂੰ ਹੁਨਰ ਸਿਖਲਾਈ ‘ਤੇ ਜ਼ੋਰ ਦੇ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੀ ਭਾਲ ਕਰਨ ਵਾਲੇ ਦੀ ਬਜਾਏ ਨੌਕਰੀਆਂ ਦੇ ਸਿਰਜਣਹਾਰ ਬਣਾਉਣ ਲਈ ਯਤਨਸ਼ੀਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਫੁੱਟ ਪਾਊ ਤਾਕਤਾਂ ਲੋਕਾਂ ਨੂੰ ਜਾਤ, ਧਰਮ, ਭਾਸ਼ਾ ਅਤੇ ਹੋਰ ਦੇ ਆਧਾਰ ’ਤੇ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਾਡੇ ਦੇਸ਼ ਦੇ ਹਿੱਤ ਵਿੱਚ ਨਹੀਂ ਹੈ। ਇਸ ਦੇ ਲਈ ਸਾਨੂੰ ਭਾਈਚਾਰਕ ਸਾਂਝ, ਆਪਸੀ ਭਾਈਚਾਰਾ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨਾ ਹੋਵੇਗਾ। ਉਨ੍ਹਾਂ ਕੇਂਦਰ ਵੱਲੋਂ ਰਾਜਾਂ ਦੇ ਅਧਿਕਾਰਾਂ ਨੂੰ ਨਿਗਲ ਕੇ ਦੇਸ਼ ਦੇ ਸੰਘੀ ਢਾਂਚੇ ਨੂੰ ਨੁਕਸਾਨ ਪਹੁੰਚਾਉਣ ’ਤੇ ਵੀ ਦੁੱਖ ਪ੍ਰਗਟ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕਤੰਤਰ ਦੀ ਮੂਲ ਭਾਵਨਾ ਦੇ ਵਿਰੁੱਧ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਚਾਰਾਂ ਅਤੇ ਨਜ਼ਰੀਏ ਵਾਲਾ ਲੋਕਤੰਤਰ ਹਮੇਸ਼ਾ ਸਫ਼ਲ ਹੁੰਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਲੋਕਤੰਤਰ ਵਿੱਚ ਵਿਰੋਧੀ ਧਿਰ ਅਤੇ ਮੁੱਖ ਬੈਂਚ ਦੋਵੇਂ ਅਹਿਮ ਹੁੰਦੇ ਹਨ। ਲੋਕਤੰਤਰ ਵਿੱਚ ਹਰ ਕਿਸੇ ਦੀ ਰਾਏ ਨੂੰ ਮਹੱਤਵ ਦਿੱਤਾ ਜਾਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: