ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿਚ ਕੁਤਾਹੀ ਨੂੰ ਲੈ ਕੇ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਤੇ ਟਵੀਟ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਦੇ ਬਠਿੰਡਾ ਜ਼ਿੰਦਾ ਪਹੁੰਚਣ ਦੇ ਬਿਆਨ ‘ਤੇ ਕਿਸਾਨ ਏਕਤਾ ਮੋਰਚਾ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੋਦੀ ਜੀ ਜੇ ਮਾਰਨਾ ਹੁੰਦਾ ਤਾਂ ਦਿੱਲੀ ‘ਚ ਹੀ ਮਾਰ ਦੇਣਾ ਸੀ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਇਹ ਸ਼ਰਮਨਾਕ ਗੱਲ ਹੈ ਕਿ ਪੰਜਾਬ ਦੇ ਕਲਿਆਣ ਲਈ ਹਜ਼ਾਰਾਂ ਕਰੋੜਾਂ ਦੀਆਂ ਵਿਕਾਸ ਯੋਜਨਾਵਾਂ ਦਾ ਸ਼ੁੱਭ ਆਰੰਭ ਕਰਨ ਪੁੱਜੇ PM ਨਰਿੰਦਰ ਮੋਦੀ ਜੀ ਦੇ ਕਾਫਲੇ ਨੂੰ ਰੋਕਿਆ ਗਿਆ। ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਹੋਈ ਇਸ ਚੂਕ ਵਿਚ ਕਾਂਗਰਸ ਦੀ ਸਾਜ਼ਿਸ਼ ਦੀ ਬੂ ਆ ਰਹੀ ਹੈ। ਪੰਜਾਬ ਦੀ ਜਨਤਾ ਕਾਂਗਰਸ ਨੂੰ ਕਦੇ ਮੁਆਫ ਨਹੀਂ ਕਰੇਗੀ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬਾ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ‘ਜਦੋਂ ਤੁਸੀਂ ਪਾਕਿਸਤਾਨ ਬਾਰਡਰ ਤੋਂ 10 ਕਿਲੋਮੀਟਰ ਅੰਦਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਹੀਂ ਯਕੀਨੀ ਕਰ ਸਕਦੇ ਤਾਂ ਤੁਹਾਨੂੰ ਸਰਕਾਰ ‘ਚ ਬਣੇ ਰਹਿਣ ਦਾ ਅਧਿਕਾਰ ਨਹੀਂ।’ ਅਤੇ ਤੁਹਾਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦਵੇਂਦਰ ਫੜਨਵੀਸ ਨੇ ਕਿਹਾ ਕਿ ਪੰਜਾਬ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਸਕਿਓਰਿਟੀ ਵਿਚ ਕੁਤਾਹੀ ਚਿੰਤਾਜਨਕ ਹੈ। ਇਸ ਤੋਂ ਵੀ ਬੁਰੀ ਗੱਲ ਇਹ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਰਨ ਜਾਂ ਕਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ। ਅਸੀਂ ਇਸ ਗੰਭੀਰ ਗਲਤੀ ਲਈ ਜ਼ਿੰਮੇਵਾਰ ਅਧਿਕਾਰੀਆਂ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਅਤੇ ਡੂੰਘਾਈ ਨਾਲ ਜਾਂਚ ਦੀ ਮੰਗ ਕਰਦੇ ਹਾਂ।
ਸੁਨੀਲ ਜਾਖੜ ਨੇ ਕਿਹਾ ਕਿ ਅੱਜ ਜੋ ਹੋਇਆ ਹੈ, ਉਹ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ। ਇਹ ਪੰਜਾਬੀਅਤ ਦੇ ਖਿਲਾਫ ਹੈ। ਫਿਰੋਜ਼ਪੁਰ ਵਿੱਚ ਭਾਜਪਾ ਦੀ ਸਿਆਸੀ ਰੈਲੀ ਨੂੰ ਸੰਬੋਧਨ ਕਰਨ ਲਈ ਭਾਰਤ ਦੇ ਪ੍ਰਧਾਨ ਮੰਤਰੀ ਲਈ ਇੱਕ ਸੁਰੱਖਿਅਤ ਰਸਤਾ ਯਕੀਨੀ ਬਣਾਇਆ ਜਾਣਾ ਚਾਹੀਦਾ ਸੀ। ਇਸ ਤਰ੍ਹਾਂ ਲੋਕਤੰਤਰ ਕੰਮ ਕਰਦਾ ਹੈ।