20 ਰੁਪਏ ਕਰਕੇ ਇਕ ਬਜ਼ੁਰਗ ਮਹਿਲਾ ਵੱਲੋਂ ਸਰਕਾਰੀ ਬੱਸ ਅੱਗੇ ਲੇਟ ਕੇ ਹਾਈ ਵੋਲੇਟਜ ਡਰਾਮਾ ਕੀਤਾ ਗਿਆ। ਬਜ਼ੁਰਗ ਮਹਿਲਾ ਟਿਕਟ ਦੇ ਪੈਸੇ ਕੱਟੇ ਜਾਣ ‘ਤੇ ਸਰਕਾਰੀ ਬੱਸ ਅੱਗੇ ਲੇਟ ਗਈ ਜਿਸ ਤੋਂ ਬਾਅਦ ਕੰਡਕਟਰ ਨੂੰ ਉਸ ਦੇ ਪੈਸੇ ਵਾਪਸ ਮੋੜਨੇ ਹੀ ਪਏ।
ਇਹ ਦਿਲਚਸਪ ਵਾਕਿਆ ਬਠਿੰਡਾ ਵਿਖੇ ਦੇਖਣ ਨੂੰ ਮਿਲਿਆ। ਬਠਿੰਡਾ ਤੋਂ ਫਰੀਦਕੋਟ ਡਿਪੂ ਦੀ ਬੱਸ ’ਤੇ ਔਰਤ ਅਤੇ ਉਸ ਦਾ ਲੜਕਾ ਗੋਨਿਆਣਾ ਤੋਂ ਸਵਾਰ ਹੋਏ। ਲੜਕੇ ਨੇ ਕੰਡਕਟਰ ਤੋਂ ਦੋ ਟਿਕਟਾਂ ਲੈ ਲਈਆਂ ਤੇ ਇਸ ਬਾਰੇ ਜਦੋਂ ਬਜ਼ੁਰਗ ਮਹਿਲਾ ਨੂੰ ਪਤਾ ਲੱਗਾ ਤਾਂ ਉਸ ਨੇ ਕੰਡਕਟਰ ਨੂੰ ਕਿਹਾ ਕਿ ਉਸ ਕੋਲ ਤਾਂ ਆਧਾਰ ਕਾਰਡ ਹੈ। ਉਸ ਦੇ ਪੁੱਤਰ ਨੇ ਗਲਤੀ ਨਾਲ ਉਸ ਦੀ ਟਿਕਟ ਕਟਵਾ ਦਿੱਤੀ ਹੈ। ਮੇਰੀ ਟਿਕਟ ਦੇ ਪੈਸੇ ਵਾਪਸ ਮੋੜੇ ਜਾਣ।
ਕੰਡਕਟਰ ਨੇ ਦੱਸਿਆ ਕਿ ਟਿਕਟ ਕੱਟੀ ਜਾ ਚੁੱਕੀ ਹੋਣ ਕਰਕੇ ਉਹ ਪੈਸੇ ਵਾਪਸ ਨਹੀਂ ਕਰ ਸਕਦਾ ਸੀ। ਇਸ ਤੋਂ ਬਾਅਦ ਬਜ਼ੁਰਗ ਮਹਿਲਾ ਬੱਸ ਅੱਗੇ ਲੇਟ ਗਈ ਤੇ ਉਦੋਂ ਤੱਕ ਕੰਡਕਟਰ ਨੂੰ ਬੱਸ ਲੈ ਜਾ ਕੇ ਅੱਗੇ ਨਹੀਂ ਜਾਣ ਦਿੱਤਾ ਜਦੋਂ ਤੱਕ ਉਸ ਨੇ ਬਜ਼ੁਰਗ ਮਹਿਲਾ ਦੇ ਟਿਕਟ ਦੇ 20 ਰੁਪਏ ਵਾਪਸ ਨਹੀਂ ਕਰ ਦਿੱਤੇ। ਹਾਲਾਂਕਿ ਉਥੇ ਮੌਜੂਦ ਲੋਕਾਂ ਵੱਲੋਂ ਉਸ ਨੂੰ ਬਹੁਤ ਸਮਝਾਇਆ ਗਿਆ ਪਰ ਉਸ ਨੇ ਇੱਕ ਨਹੀਂ ਮੰਨੀ ਤੇ 20 ਰੁਪਏ ਮਿਲਣ ਤੋਂ ਬਾਅਦ ਹੀ ਬੱਸ ਅੱਗੋਂ ਉਠੀ।
ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਹਰ ਯੋਗ ਆਧਾਰ ਕਾਰਡ ਵਾਲੀਆਂ ਔਰਤਾਂ ਦੀ ਟਿਕਟ ਨਾ ਕੱਟਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਤਹਿਤ ਉਨ੍ਹਾਂ ਨੂੰ ਫ੍ਰੀ ਵਿਚ ਬੱਸਾਂ ਵਿਚ ਸਫਰ ਕਰਨ ਦੀ ਸਹੂਲਤ ਸੂਬਾ ਸਰਕਾਰ ਵੱਲੋਂ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: