ਟੇਸਲਾ ਦੇ CEO ਐਲੋਨ ਮਸਕ ਟਵਿੱਟਰ ਦੇ ਨਵੇਂ ਮਾਲਕ ਬਣ ਗਏ ਹਨ । ਮਸਕ ਨੇ ਇਸ ਮਾਈਕ੍ਰੋ ਬਲਾਗਿੰਗ ਸਾਈਟ ਨੂੰ ਖਰੀਦਣ ਲਈ 44 ਬਿਲੀਅਨ ਡਾਲਰ ਯਾਨੀ 3368 ਅਰਬ ਰੁਪਏ ਦੀ ਡੀਲ ਕੀਤੀ ਹੈ। ਟਵਿੱਟਰ ਦੇ ਇੰਡੀਪੈਂਡੈਂਟ ਬੋਰਡ ਦੇ ਚੇਅਰਮੈਨ ਬ੍ਰੈਟ ਟੇਲਰ ਨੇ ਭਾਰਤੀ ਸਮੇਂ ਅਨੁਸਾਰ ਰਾਤ 12.24 ਵਜੇ ਇੱਕ ਪ੍ਰੈਸ ਰਿਲੀਜ਼ ਵਿੱਚ ਮਸਕ ਨਾਲ ਸੌਦੇ ਬਾਰੇ ਜਾਣਕਾਰੀ ਦਿੱਤੀ।
ਮਸਕ ਨੂੰ ਟਵਿੱਟਰ ਦੇ ਹਰ ਸ਼ੇਅਰ ਲਈ 54.20 ਡਾਲਰ (4148 ਰੁਪਏ) ਚੁਕਾਉਣੇ ਹੋਣਗੇ। ਮਸਕ ਕੋਲ ਪਹਿਲਾਂ ਹੀ ਟਵਿੱਟਰ ਵਿੱਚ 9% ਦੀ ਹਿੱਸੇਦਾਰੀ ਹੈ। ਉਹ ਟਵਿੱਟਰ ਦੇ ਸਭ ਤੋਂ ਵੱਡੇ ਸ਼ੇਅਰ ਹੋਲਡਰ ਹਨ । ਤਾਜ਼ਾ ਡੀਲ ਤੋਂ ਬਾਅਦ ਉਸ ਦੀ ਕੰਪਨੀ ਵਿੱਚ 100% ਹਿੱਸੇਦਾਰੀ ਹੋ ਗਈ ਅਤੇ ਟਵਿੱਟਰ ਉਸਦੀ ਨਿੱਜੀ ਕੰਪਨੀ ਬਣ ਗਈ ਹੈ ।
ਇਸ ਸਬੰਧੀ ਟਵਿੱਟਰ ਨੇ ਜਾਣਕਾਰੀ ਦਿੰਦੇ ਹੋਏ ਪੁਸ਼ਟੀ ਕੀਤੀ ਹੈ ਕਿ ਟੇਸਲਾ ਦੇ ਸੀਈਓ ਐਲੋਨ ਮਸਕ ਨੇ ਟਵਿੱਟਰ ਨੂੰ ਖਰੀਦ ਲਿਆ ਹੈ। ਕੰਪਨੀ ਨੇ ਇਹ ਵੀ ਦੱਸਿਆ ਕਿ ਮਸਕ ਨੇ ਟਵਿੱਟਰ ਨੂੰ ਖਰੀਦਣ ਲਈ 44 ਅਰਬ ਅਮਰੀਕੀ ਡਾਲਰ ਦਾ ਭੁਗਤਾਨ ਕੀਤਾ ਹੈ । ਟਵਿੱਟਰ ਨੂੰ ਖਰੀਦਣ ਤੋਂ ਬਾਅਦ ਐਲੋਨ ਮਸਕ ਨੇ ਟਵੀਟ ਕੀਤਾ, “ਮੈਨੂੰ ਉਮੀਦ ਹੈ ਕਿ ਮੇਰੇ ਸਭ ਤੋਂ ਬੁਰੇ ਆਲੋਚਕ ਵੀ ਟਵਿੱਟਰ ‘ਤੇ ਬਣੇ ਰਹਿਣਗੇ, ਕਿਉਂਕਿ ਫ੍ਰੀ ਸਪੀਚ ਦਾ ਇਹੀ ਮਤਲਬ ਹੈ।” ਮਸਕ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਦੱਸ ਦੇਈਏ ਕਿ ਇੱਕ ਰਿਪੋਰਟ ਮੁਤਾਬਕ ਐਲੋਨ ਮਸਕ ਦੀ ਮਲਕੀਅਤ ਵਾਲੀ ਕੰਪਨੀ ਬਣਨ ਤੋਂ ਬਾਅਦ ਟਵਿੱਟਰ ਦੇ ਸਾਰੇ ਸ਼ੇਅਰ ਹੋਲਡਰਾਂ ਨੂੰ ਹਰ ਸ਼ੇਅਰ ਦੇ ਬਦਲੇ 54.20 ਡਾਲਰ ਯਾਨੀ 4148 ਰੁਪਏ ਨਕਦ ਮਿਲਣਗੇ। ਸ਼ੇਅਰ ਦੀ ਇਹ ਕੀਮਤ ਮਸਕ ਦੇ ਟਵਿੱਟਰ ਵਿੱਚ ਆਪਣੀ 9% ਹਿੱਸੇਦਾਰੀ ਦਾ ਖੁਲਾਸਾ ਕਰਨ ਤੋਂ ਪਹਿਲਾਂ ਦੇ ਮੁਕਾਬਲੇ 38% ਵੱਧ ਹੈ। ਮਸਕ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਨ੍ਹਾਂ ਨੇ ਟਵਿੱਟਰ ਨੂੰ ਖਰੀਦਣ ਲਈ 46.5 ਬਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦਾ ਇੰਤਜ਼ਾਮ ਕੀਤਾ ਹੈ । ਜਿਸ ਤੋਂ ਬਾਅਦ ਟਵਿੱਟਰ ਦੇ ਬੋਰਡ ਨੇ ਮਸਕ ਦੀ ਪੇਸ਼ਕਸ਼ ‘ਤੇ ਵਿਚਾਰ ਕੀਤਾ । ਐਤਵਾਰ ਨੂੰ ਮਸਕ ਦੇ ਆਫਰ ‘ਤੇ ਚਰਚਾ ਕਰਨ ਲਈ ਟਵਿੱਟਰ ਦੇ ਬੋਰਡ ਦੀ ਅਹਿਮ ਬੈਠਕ ਵੀ ਹੋਈ ਸੀ ।
ਵੀਡੀਓ ਲਈ ਕਲਿੱਕ ਕਰੋ -: