ਬਾਜ਼ਾਰ ਵਿੱਚੋਂ ਹੌਲੀ-ਹੌਲੀ ਬਾਹਰ ਹੋ ਰਹੇ 2,000 ਰੁਪਏ ਦੇ ਨੋਟ ਸਿਸਟਮ ਵਿੱਚ ਵਾਪਸ ਨਹੀਂ ਆ ਰਹੇ ਹਨ। ਇਨ੍ਹਾਂ ਦੀ ਛਪਾਈ ਵਿੱਤੀ ਸਾਲ 2018-19 ਮਗਰੋਂ ਹੀ ਬੰਦ ਕਰ ਦਿੱਤੀ ਗਈ ਸੀ। ਹਾਲਾਂਕਿ, ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਜੋ ਨੋਟ ਇਸ ਸਮੇਂ ਹਨ ਉਹ ਪਹਿਲਾਂ ਦੀ ਤਰ੍ਹਾਂ ਹੀ ਚੱਲਦੇ ਰਹਿਣਗੇ। ਹੋਵੇਗਾ ਇਹ ਕਿ ਜਿਵੇਂ-ਜਿਵੇਂ ਬੈਂਕਾਂ ਜ਼ਰੀਏ ਆਰ. ਬੀ. ਆਈ. ਕੋਲ ਇਹ ਵਾਪਸ ਪਹੁੰਚ ਰਹੇ ਹਨ, ਉਨ੍ਹਾਂ ਦੀ ਜਗ੍ਹਾ ਨਵੇਂ ਨੋਟਾਂ ਦੀ ਛਪਾਈ ਨਹੀਂ ਹੋਵੇਗੀ, ਇਸ ਤਰ੍ਹਾਂ ਇਹ ਸਿਸਟਮ ਵਿੱਚੋਂ ਗਾਇਬ ਹੋ ਜਾਣਗੇ।
ਇਸ ਸਾਲ ਨਵੰਬਰ ਵਿਚ ਸਰਕੂਲੇਸ਼ਨ ਵਿਚ ਮੌਜੂਦ 2,000 ਰੁਪਏ ਦੇ ਨੋਟਾਂ ਦੀ ਗਿਣਤੀ ਘੱਟ ਕੇ 223.3 ਕਰੋੜ ਹੋ ਗਈ। ਮਾਰਚ 2018 ਵਿਚ ਇਹ ਗਿਣਤੀ 336.3 ਕਰੋੜ ਸੀ। ਨਵੰਬਰ ਵਿਚ ਸਰਕੂਲੇਸ਼ਨ ਵਿਚ ਮੌਜੂਦ ਕੁੱਲ ਨੋਟਾਂ ਨਾਲ ਇਸ ਦੀ ਤੁਲਨਾ ਕਰੀਏ ਤਾਂ 2,000 ਰੁਪਏ ਦੇ ਨੋਟਾਂ ਦੀ ਗਿਣਤੀ 1.75 ਫੀਸਦੀ ਹੀ ਰਹਿ ਗਈ ਹੈ।
ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਰਾਜ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ। ਪੰਕਜ ਚੌਧਰੀ ਨੇ ਦੱਸਿਆ ਕਿ ਬੈਂਕ ਨੋਟਾਂ ਦੀ ਛਪਾਈ ਦਾ ਫੈਸਲਾ ਰਿਜ਼ਰਵ ਬੈਂਕ ਦੀ ਸਲਾਹ ਨਾਲ ਲਿਆ ਜਾਂਦਾ ਹੈ।
ਮਾਰਚ 2018 ‘ਚ 2,000 ਦੇ ਨੋਟਾਂ ਦੀ ਗਿਣਤੀ 3.27 ਫ਼ੀਸਦੀ ਸੀ
ਪੰਕਜ ਚੌਧਰੀ ਨੇ ਕਿਹਾ ਕਿ 31 ਮਾਰਚ 2018 ਨੂੰ 2,000 ਰੁਪਏ ਦੇ 3,363 ਮਿਲੀਅਨ ਨੋਟ ਸਰਕੂਲੇਸ਼ਨ ਵਿੱਚ ਸਨ। ਗਿਣਤੀ ਦੇ ਹਿਸਾਬ ਨਾਲ ਇਹ ਸਰਕੂਲੇਸ਼ਨ ਵਿੱਚ ਮੌਜੂਦ ਕੁੱਲ ਨੋਟਾਂ ਦਾ 3.27 ਫੀਸਦੀ ਸੀ। ਮੁੱਲ ਦੇ ਹਿਸਾਬ ਨਾਲ ਇਹ 37.26 ਫੀਸਦੀ ਸੀ।
ਨਵੰਬਰ 2021 ‘ਚ 2,000 ਦੇ ਨੋਟਾਂ ਦੀ ਗਿਣਤੀ ਘਟੀ
26 ਨਵੰਬਰ 2021 ਨੂੰ 2,000 ਰੁਪਏ ਦੇ ਨੋਟਾਂ ਦੀ ਗਿਣਤੀ ਘੱਟ ਕੇ 2,233 ਮਿਲੀਅਨ ਹੋ ਗਈ। ਗਿਣਤੀ ਦੇ ਹਿਸਾਬ ਨਾਲ ਇਹ ਸਰਕੂਲੇਸ਼ਨ ਵਿਚ ਮੌਜੂਦ ਕੁੱਲ ਨੋਟਾਂ ਦੀ ਗਿਣਤੀ ਦਾ 1.75 ਫੀਸਦੀ ਹੈ ਅਤੇ ਮੁੱਲ ਦੇ ਹਿਸਾਬ ਨਾਲ 15.11 ਫੀਸਦੀ।
2018-19 ਮਗਰੋਂ ਨਵੇਂ ਨੋਟਾਂ ਦੀ ਛਪਾਈ ਨਹੀਂ ਹੋਈ
ਪੰਕਜ ਚੌਧਰੀ ਨੇ ਦੱਸਿਆ ਕਿ ਨੋਟਬੰਦੀ ਤੋਂ ਬਾਅਦ ਜਾਰੀ ਕੀਤੇ ਗਏ 2,000 ਰੁਪਏ ਦੇ ਨੋਟਾਂ ਦੀ ਸਰਕੂਲੇਸ਼ਨ ਵਿਚ ਕਮੀ ਇਸ ਲਈ ਆਈ ਹੈ ਕਿਉਂਕਿ 2018-19 ਤੋਂ ਬਾਅਦ ਤੋਂ ਨਵੇਂ ਨੋਟਾਂ ਦੀ ਛਪਾਈ ਨਹੀਂ ਕੀਤੀ ਗਈ। ਕਈ ਨੋਟ ਕਟੇ-ਫਟੇ ਹੋਣ ਤੋਂ ਬਾਅਦ ਸਰਕੂਲੇਸ਼ਨ ਤੋਂ ਬਾਹਰ ਹੋ ਗਏ ਹਨ। ਇਹ ਵੀ ਕਮੀ ਦਾ ਇਕ ਕਾਰਨ ਹੈ।
ਨੋਟਬੰਦੀ ਪਿੱਛੋਂ ਸਰਕੂਲੇਸ਼ਨ ‘ਚ ਆਏ 2,000 ਦੇ ਨੋਟ
8 ਨਵੰਬਰ 2016 ਨੂੰ ਸਰਕਾਰ ਨੇ ਬਲੈਕ ਮਨੀ ਨੂੰ ਰੋਕਣ ਦੇ ਮਕਸਦ ਨਾਲ ਸਰਕੂਲੇਸ਼ਨ ਵਿਚ ਮੌਜੂਦ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਸੀ। ਨੋਟਬੰਦੀ ਤੋਂ ਬਾਅਦ 2,000 ਰੁਪਏ ਦੇ ਨੋਟ ਅਤੇ 500 ਰੁਪਏ ਦੇ ਨਵੇਂ ਨੋਟ ਪ੍ਰਿੰਟ ਕੀਤੇ ਗਏ। ਬਾਅਦ ਵਿਚ 200 ਰੁਪਏ ਦੇ ਬੈਂਕ ਨੋਟ ਵੀ ਛਾਪੇ ਗਏ।
ਵੀਡੀਓ ਲਈ ਕਲਿੱਕ ਕਰੋ -: