ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰਾਂ ਦੀ ਚੋਣ ਲਈ ਹੋਈ ਵੋਟਿੰਗ ਵਿੱਚ ਡਾ. ਇੰਦਰਬੀਰ ਸਿੰਘ ਨਿੱਜਰ ਮੁੜ ਪ੍ਰਧਾਨ ਬਣ ਗਏ ਹਨ। ਇਸ ਦੇ ਨਾਲ ਹੀ ਮਣੀਕ ਸਿੰਘ ਆਨਰੇਰੀ ਨੇ ਸਕੱਤਰ ਕੇ ਅਹੁਦੇ ‘ਤੇ ਜਿੱਤ ਹਾਸਲ ਕੀਤੀ ਹੈ।
ਚੋਣ ਜਿੱਤਣ ਮਗਰੋਂ ਡਾ. ਇੰਦਰਬੀਰ ਨਿੱਝਰ ਨੇ ਕਿਹਾ ਕਿ ਅੱਜ ਦੀਵਾਨ ਦੀ ਜਿੱਤ ਹੋਈ ਹੈ। ਮੈਂਬਰ ਸਾਹਿਬਾਨ ਨੇ ਇੱਕ ਵਾਰ ਫਿਰ ਸਾਡੇ ‘ਤੇ ਵਿਸ਼ਵਾਸ ਕੀਤਾ ਹੈ। ਇਥੇ ਕੋਈ ਟੀਮ ਦੀ ਜਿੱਤ ਨਹੀਂ ਹੋਈ ਹੈ, ਇਹ ਦੀਵਾਨ ਦੀ ਜਿੱਤ ਹੋਈ ਹੈ। ਅਸੀਂ ਸਾਰੇ ਮੈਂਬਰ ਸਾਹਿਬਾਨ ਨੂੰ ਨਾਲ ਲੈ ਕੇ ਚੱਲਾਂਗੇ ਤੇ ਜੇ ਕੋਈ ਮੈਂਬਰ ਸਾਡੇ ਤੋਂ ਨਾਰਾਜ਼ ਸੀ ਤਾਂ ਤਾਂ ਉਸ ਦੀ ਨਾਰਾਜ਼ਗੀ ਕਿਵੇਂ ਦੂਰ ਕਰਨੀ ਹੈ ਇਹ ਵੇਖਾਂਗੇ।
ਇਸ ਦੇ ਨਾਲ ਉਨ੍ਹਾਂ ਕਿਹਾ ਕਿ ਸਮਾਜਿਕ ਧਾਰਮਿਕ ਸੰਸਥਾਵਾਂ ਵਿੱਚ ਸਿਆਸੀ ਪਾਰਟੀ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮੈਂ ਆਪ ਵਿੱਚ ਹੋਣ ਦੇ ਬਾਵਜੂਦ ਕੋਈ ਵੀ ਆਮ ਆਦਮੀ ਪਾਰਟੀ ਦਾ ਮੈਂਬਰ ਨਹੀਂ ਬਣਾਇਆ। ਮੈਨੂੰ ਵਿਸ਼ਵਾਸ ਸੀ ਸਾਡੇ ਕੰਮ ਬੋਲਣਗੇ ਤੇ ਉਹੀ 490 ਮੈਂਬਰ ਸਾਨੂੰ ਵੋਟ ਦੇਣਗੇ ਤੇ ਅਜਿਹਾ ਹੀ ਹੋਇਆ, ਮੇਰਾ ਵਿਸ਼ਵਾਸ ਜਿੱਤਿਆ।
ਡਾ. ਨਿੱਝਰ ਨੇ ਕਿਹਾ ਕਿ ਦੀਵਾਨ ਦੇ ਦੋ ਮੰਤਵ ਨੇ-ਸਿੱਖੀ ਤੇ ਸਿੱਖਿਆ। ਅਸੀਂ ਖਾਸ ਕਰਕੇ ਬੱਚਿਆਂ ਨੂੰ ਸਿੱਖੀ ਦਾ ਰਾਹ ਦੁਬਾਰਾ ਵਿਖਾਉਣਾ ਤੇ ਉਨ੍ਹਾਂ ਨੂੰ ਸਿੱਖੀ ਨਾਲ ਜੋੜਨਾ ਹੈ। ਸਾਡਾ ਮਕਸਦ ਹੈ ਕਿ 12ਵੀਂ ਜਮਾਤ ਤੱਕ ਸਾਡਾ ਬੱਚਾ ਇਸ ਤਰ੍ਹਾਂ ਪੜ੍ਹ ਕੇ ਜਾਵੇ ਕਿ ਫਿਰ ਉਹ ਜਿਹੜੇ ਮਰਜ਼ੀ ਕਾਲਜ-ਯੂਨੀਵਰਸਿਟੀ ਜਾਵੇ ਉਹ ਕਾਮਯਾਬ ਹੋਵੇ। ਅਸੀਂ ਸਪੋਰਟਸ ਵੱਲ ਵੀ ਇਸ ਵਾਰ ਧਿਆਨ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਤਿੰਨ ਅਕੈਡਮੀਆਂ ਹਾਕੀ ਅਕੈਡਮੀ ਅਟਾਰੀ ਵਿੱਚ, ਫੁਟਬਾਲ ਅਕੈਡਮੀ ਅਜਨਾਲੇ ਵਿੱਚ ਅਤੇ ਬਾਸਕੇਟ ਬਾਲ ਅਕੈਡਮੀ ਸਾਡੇ ਮੇਨ ਸਕੂਲ ਵਿੱਚ ਸ਼ੁਰੂ ਕਰਨੀਆਂ ਹਨ।
ਇਹ ਵੀ ਪੜ੍ਹੋ : ਕਿਸਾਨਾਂ-ਕੇਂਦਰੀ ਮੰਤਰੀਆਂ ਦੀ ਚੌਥੇ ਗੇੜ ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਵਜ਼ਾਰਤ ਦਾ ਮੰਥਨ!
ਦੱਸ ਦੇਈਏ ਕਿ ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰਾਂ ਦੀ ਚੋਣ ਲਈ ਕੁੱਲ 491 ਵੋਟਾਂ ਵਿੱਚੋਂ 399 ਵੋਟਾਂ ਪਈਆਂ। ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੇ 247 ਵੋਟਾਂ ਹਾਸਲ ਕੀਤੀਆਂ, ਜਦਕਿ ਉਨ੍ਹਾਂ ਦੇ ਧੜੇ ਨਾਲ ਸਬੰਧਤ ਆਨਰੇਰੀ ਸਕੱਤਰ ਦੇ ਉਮੀਦਵਾਰ ਅਜੀਤ ਸਿੰਘ ਬਸਰਾ 154 ਅਤੇ ਸਵਿੰਦਰ ਸਿੰਘ ਕਥੂਨੰਗਲ 221, ਮੀਤ ਪ੍ਰਧਾਨ ਦੇ ਉਮੀਦਵਾਰ ਜਗਜੀਤ ਸਿੰਘ 212 ਤੇ ਸੰਤੋਖ ਸਿੰਘ ਸੇਠੀ 242 ਅਤੇ ਸਥਾਨਕ ਪ੍ਰਧਾਨ ਦੇ ਉਮੀਦਵਾਰ ਕੁਲਜੀਤ ਸਿੰਘ ਸਾਹਨੀ 226 ਨੂੰ ਵੋਟਾਂ ਹਾਸਲ ਹੋਈਆਂ।