ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ 70 ਸਾਲਾਂ ਤੋਂ ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣੇ ਆਗੂਆਂ ਨੇ ਵਿਕਾਸ ਦੇ ਨਾਂ ‘ਤੇ ਕੁਝ ਨਹੀਂ ਕੀਤਾ। ਪਿਛਲੇ ਸੰਸਦ ਮੈਂਬਰ ਸੰਨੀ ਦਿਓਲ ਸਰਹੱਦ ਪਾਰ ਜਾ ਕੇ ਨਲਕੇ ਉਕਾੜਦੇ ਰਹੇ, ਪਰ ਗੁਰਦਾਸਪੁਰ ਵਿੱਚ ਇੱਕ ਵੀ ਨਲਕਾ ਨਹੀਂ ਲਗਵਾ ਸਕੇ।
ਵੀਰਵਾਰ ਨੂੰ ਗੁਰਦਾਸਪੁਰ ਦੇ ਹਨੂੰਮਾਨ ਚੌਂਕ ਵਿਖੇ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਫ਼ਿਲਮਾਂ ‘ਚ ਨਲਕੇ ਪੁੱਟਣ ਵਾਲੇ ਸੰਨੀ ਦਿਓਲ ਨੇ ਆਪਣੇ ਹਲਕੇ ‘ਚ ਨਲਕਾ ਲਗਵਾਉਣਾ ਤਾਂ ਦੂਰ ਦੀ ਗੱਲ, ਜਿੱਤਣ ਤੋਂ ਬਾਅਦ ਹਲਕਾ ਵਾਸੀਆਂ ਨੂੰ ਸ਼ਕਲ ਤੱਕ ਨਹੀਂ ਦਿਖਾਈ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਸੂਬੇ ਦੇ ਲੋਕਾਂ ਦੇ ਹਿੱਤਾਂ ਵਿੱਚ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਹਲਕਾ ਇੰਚਾਰਜ ਰਮਨ ਬਹਿਲ ਵੱਲੋਂ ਰੱਖੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ : ਭੂਚਾਲ ਨਾਲ ਕੰਬਿਆ ਉੱਤਰੀ ਭਾਰਤ, ਪੰਜਾਬ-ਹਰਿਆਣਾ, ਚੰਡੀਗੜ੍ਹ ‘ਚ ਮਹਿਸੂਸ ਕੀਤੇ ਗਏ ਝਟਕੇ
‘ਆਪ’ ਆਗੂ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਰਿਕਾਰਡ ਤੋੜ ਵਿਕਾਸ ਕਰਵਾਇਆ ਹੈ। ਗੁਰਦਾਸਪੁਰ ਦੇ ਲੋਕਾਂ ਨੇ ਫਿਲਮ ਸਟਾਰ ਸੰਨੀ ਦਿਓਲ ਨੂੰ ਸੰਸਦ ਮੈਂਬਰ ਬਣਾਇਆ ਸੀ ਪਰ ਉਸ ਨੇ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਦੇਸ਼ ਵਿੱਚ ਮਹਿੰਗਾਈ ਲਗਾਤਾਰ ਵਧ ਰਹੀ ਹੈ। ਕੇਂਦਰ ਸਰਕਾਰ ਨੇ ਕੁਝ ਕੁ ਲੋਕਾਂ ਦੇ ਵਿਕਾਸ ਵੱਲ ਧਿਆਨ ਦਿੱਤਾ ਹੈ। ‘ਆਪ’ ਸਰਕਾਰ ਦੇ ਸੱਤਾ ‘ਚ ਆਉਣ ਤੋਂ ਬਾਅਦ ਸਰਕਾਰੀ ਦਫਤਰਾਂ ‘ਚੋਂ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 15 ਸਾਲਾਂ ਤੋਂ ਗੁਰਦਾਸਪੁਰ ਇਲਾਕੇ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ‘ਆਪ’ ਦੀ ਸਰਕਾਰ ਆਉਣ ਤੋਂ ਬਾਅਦ ਇਹ ਸਭ ਕੁਝ ਬੰਦ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: