A son killed his father : ਬਠਿੰਡਾ ਵਿਚ ਇਕ ਕਲਿਯੁਗੀ ਨਸ਼ੇੜੀ ਪੁੱਤਰ ਵੱਲੋਂ ਆਪਣੇ ਪਿਤਾ ਦੇ ਸਿਰ ’ਤੇ ਪੱਥਰ ਮਾਰ ਕੇ ਉਸ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਘਰੋਂ ਫਰਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਉਸ ਨੇ ਇਹ ਕਾਰਾ ਕੀਤਾ। ਪੁਲਿਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਬੇਅੰਤ ਨਗਰ ਵਿਚ ਰਹਿਣ ਵਾਲਾ ਪ੍ਰੇਮ ਲਾਲ ਪੱਥਰ ਲਗਾਉਣ ਦਾ ਕੰਮ ਕਰਦਾ ਸੀ। ਉਸ ਦਾ ਪੁੱਤਰ ਬਜਰੰਗੀ ਨਸ਼ੇ ਦਾ ਆਦੀ ਸੀ, ਜਿਸ ਕਾਰਨ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਰਹਿੰਦੀ ਸੀ। ਆਪਣੇ ਪੁੱਤਰ ਨੂੰ ਨਸ਼ੇ ਤੋਂ ਰੋਕਣ ਨੂੰ ਲੈ ਕੇ ਦੋਹਾਂ ਪਿਓ-ਪੁੱਤਾਂ ਵਿਚਾਲੇ ਅਕਸਰ ਹੀ ਝਗੜਾ ਹੁੰਦਾ ਰਹਿੰਦਾ ਸੀ। ਬੁੱਧਵਾਰ ਰਾਤ ਨੂੰ ਵੀ ਇਸੇ ਤਰ੍ਹਾਂ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿਚ ਝਗੜਾ ਹੋਇਆ, ਜਿਸ ਦੌਰਾਨ ਪ੍ਰੇਮ ਲਾਲ ਜ਼ਮੀਨ ’ਤੇ ਡਿੱਗ ਗਿਆ। ਨਸ਼ੇ ਦੀ ਹਾਲਤ ਵਿਚ ਬਜਰੰਗੀ ਨੇ ਆਪਣੇ ਪਿਤਾ ਦੇ ਸਿਰ ਵਿਚ ਵਿਚ ਪੱਥਰ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੇ ਵਰਕਰਾਂ ਵੱਲੋਂ ਮੌਕੇ ’ਤੇ ਪਹੁੰਚ ਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਥਾਣਾ ਸਿਵਲ ਲਾਈਨ ਅਤੇ ਮਾਡਲ ਟਾਊਨ ਪੁਲਿਸ ਚੌਕੀ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰਕੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਪੁੱਤਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ ਗਿਆ ਹੈ।