ਥਾਈਲੈਂਡ ਵਿੱਚ ਪੁਲਿਸ ਅਤੇ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਨਸ਼ੇ ਦਾ ਕਾਰੋਬਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇੱਥੇ ਨਸ਼ਿਆਂ ਦੀ ਵੱਡੇ ਪੱਧਰ ’ਤੇ ਤਸਕਰੀ ਹੋ ਰਹੀ ਹੈ ਅਤੇ ਲੋਕਾਂ ਵਿੱਚ ਇਸ ਦਾ ਸੇਵਨ ਕੀਤਾ ਜਾ ਰਿਹਾ ਹੈ। ਹਾਲ ਹੀ ‘ਚ ਮੱਧ ਥਾਈਲੈਂਡ ਦੇ ਇਕ ਮੰਦਰ ‘ਚ ਛਾਪੇਮਾਰੀ ਦੌਰਾਨ ਉੱਥੇ ਦੇ ਪੁਜਾਰੀ ਸ਼ਰਾਬੀ ਪਾਏ ਗਏ। ਇਕ ਸਥਾਨਕ ਅਧਿਕਾਰੀ ਨੇ ਸਮਾਚਾਰ ਏਜੰਸੀ ‘ਏਐਫਪੀ‘ ਨੂੰ ਦੱਸਿਆ ਕਿ ਸੋਮਵਾਰ ਨੂੰ ਇਕ ਛਾਪੇਮਾਰੀ ਦੌਰਾਨ ਥਾਈਲੈਂਡ ਦੇ ਫੇਚਾਬੁਨ ਸੂਬੇ ਵਿਚ ਇਕ ਬੋਧੀ ਮੰਦਰ ਦੇ ਸਾਰੇ ਪੁਜਾਰੀਆਂ ਨੂੰ ਮੈਥਾਮਫੇਟਾਮਾਈਨ ਡਰੱਗ ਪਾਜ਼ੀਟਿਵ ਪਾਇਆ ਗਿਆ। ਇਨ੍ਹਾਂ ਵਿੱਚ ਮੁੱਖ ਪੁਜਾਰੀ ਵੀ ਸ਼ਾਮਲ ਸੀ।
ਫੇਚਾਬੁਨ ਸੂਬੇ ਦੇ ਬੁੰਗ ਸੈਮ ਫਾਨ ਜ਼ਿਲ੍ਹਾ ਮੈਜਿਸਟ੍ਰੇਟ ਬੁਨਲਰਟ ਥਿੰਤਾਪਥਾਈ ਨੇ ਕਿਹਾ ਕਿ ਕੇਂਦਰੀ ਥਾਈਲੈਂਡ ਵਿੱਚ ਇੱਕ ਬੋਧੀ ਮੰਦਰ ਨੂੰ ਖਾਲੀ ਕਰ ਦਿੱਤਾ ਗਿਆ ਹੈ ਕਿਉਂਕਿ ਇਸਦੇ ਸਾਰੇ ਪੁਜਾਰੀ (ਭਿਕਸ਼ੂ) ਡਰੱਗ ਟੈਸਟ ਵਿੱਚ ਅਸਫਲ ਰਹੇ ਹਨ। ਅਧਿਕਾਰੀ ਨੇ ਦੱਸਿਆ ਕਿ ਸਾਰੇ ਪੁਜਾਰੀਆਂ ਨੂੰ ਨਸ਼ਾ ਸੁਧਾਰ ਘਰ ਭੇਜ ਦਿੱਤਾ ਗਿਆ ਹੈ।
ਇਸ ਘਟਨਾ ਤੋਂ ਬਾਅਦ ਮੰਦਰ ਖਾਲੀ ਹੋਣ ਕਾਰਨ ਪਿੰਡ ਵਾਸੀ ਪਰੇਸ਼ਾਨ ਹਨ। ਉਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਧਾਰਮਿਕ ਰਸਮਾਂ ਨਿਭਾਉਣ ਦੇ ਯੋਗ ਨਹੀਂ ਹਨ। ਹਾਲਾਂਕਿ, ਜ਼ਿਲ੍ਹਾ ਮੈਜਿਸਟਰੇਟ ਬਨਲਰਟ ਨੇ ਕਿਹਾ ਕਿ ਉਹ ਜਲਦੀ ਹੀ ਮੰਦਰ ਵਿੱਚ ਪੁਜਾਰੀਆਂ ਦਾ ਪ੍ਰਬੰਧ ਕਰਨਗੇ ਤਾਂ ਜੋ ਲੋਕ ਧਾਰਮਿਕ ਰਸਮਾਂ ਨਿਭਾ ਸਕਣ।