ਰੂਸ ਦੇ ਸੇਂਟ ਪੀਟਰਸਬਰਗ ਵਿੱਚ ਵੋਲਖੋਵ ਨਦੀ ਵਿੱਚ ਡੁੱਬਣ ਕਾਰਨ ਭਾਰਤ ਦੇ ਚਾਰ ਮੈਡੀਕਲ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਹ ਨਦੀ ਪੀਟਰਸਬਰਗ ਦੇ ਨੇੜੇ ਵਗਦੀ ਹੈ। ਘਟਨਾ ਦੇ ਸਮੇਂ ਨਦੀ ਵਿੱਚ ਤੇਜ਼ ਵਹਾਅ ਸੀ। ਚਾਰੋਂ ਵਿਦਿਆਰਥੀ ਮਹਾਰਾਸ਼ਟਰ ਦੇ ਰਹਿਣ ਵਾਲੇ ਸਨ। ਇਸ ਘਟਨਾ ਵਿੱਚ ਜਾਨ ਗੁਆਉਣ ਵਾਲੇ ਵਿਦਿਆਰਥੀਆਂ ਦੀ ਪਛਾਣ ਹਰਸ਼ਲ ਅਨੰਤਰਾਓ ਦੇਸਲੇ, ਜੀਸ਼ਾਨ ਅਸ਼ਪਾਕ ਪਿੰਜੀਰੀ, ਜ਼ਿਆ ਫਿਰੋਜ਼ ਪਿੰਜਰੀ ਅਤੇ ਮਲਿਕ ਗੁਲਾਮ ਗੌਸ ਮੁਹੰਮਦ ਯਾਕੂਬ ਵਜੋਂ ਹੋਈ ਹੈ। ਇਹ ਸਾਰੇ ਵਿਦਿਆਰਥੀ ਵੇਲੀਕੀ ਨੋਵਗੋਰੋਡ ਸ਼ਹਿਰ ਦੀ ਯਾਰੋਸਲਾਵ-ਦ-ਵਾਈਜ਼ ਨੋਵਗੋਰੋਡ ਸਟੇਟ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ‘ਚ ਨਿਸ਼ਾ ਭੁਪੇਸ਼ ਸੋਨਾਵਨੇ ਨਾਂ ਦੀ ਵਿਦਿਆਰਥਣ ਨੂੰ ਬਚਾ ਲਿਆ ਗਿਆ ਹੈ।
ਰਿਪੋਰਟ ਮੁਤਾਬਕ ਵਿਦੇਸ਼ ਮੰਤਰਾਲੇ ਨੇ ਵਿਦਿਆਰਥੀਆਂ ਦੇ ਡੁੱਬਣ ਦੀ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਇੱਕ ਬਿਆਨ ਜਾਰੀ ਕਰਦਿਆਂ ਮੰਤਰਾਲੇ ਨੇ ਕਿਹਾ ਕਿ ਯਾਰੋਸਲਾਵ-ਦ-ਵਾਈਜ਼ ਨੋਵਗੋਰੋਡ ਸਟੇਟ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਚਾਰ ਭਾਰਤੀ ਵਿਦਿਆਰਥੀ ਇੱਕ ਮੰਦਭਾਗੀ ਘਟਨਾ ਵਿੱਚ ਵੋਲਖੋਵ ਨਦੀ ਵਿੱਚ ਡੁੱਬ ਗਏ। ਹੁਣ ਤੱਕ ਨਦੀ ‘ਚੋਂ ਦੋ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਜਦਕਿ ਬਾਕੀ ਦੋ ਦੀ ਭਾਲ ਜਾਰੀ ਹੈ। ਜੀਸ਼ਾਨ ਅਤੇ ਜੀਆ ਭੈਣ-ਭਰਾ ਸਨ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਮਰਨ ਵਾਲੇ ਚਾਰ ਵਿਦਿਆਰਥੀ ਆਪਣੇ ਦੋਸਤ ਨੂੰ ਬਚਾਉਣ ਲਈ ਨਦੀ ਵਿੱਚ ਵੜ ਗਏ ਸਨ ਪਰ ਉਹ ਖੁਦ ਹੀ ਡੁੱਬ ਗਏ। ਜਾਨ ਗੁਆਉਣ ਵਾਲੇ ਵਿਦਿਆਰਥੀਆਂ ਦੀ ਉਮਰ 18 ਤੋਂ 20 ਸਾਲ ਦੇ ਕਰੀਬ ਸੀ। ਜ਼ੀਸ਼ਾਨ ਅਤੇ ਜੀਆ ਮਹਾਰਾਸ਼ਟਰ ਦੇ ਜਲਗਾਓਂ ਜ਼ਿਲੇ ਦੇ ਅਮਲਨੇਰ ਦੇ ਰਹਿਣ ਵਾਲੇ ਸਨ, ਜਦਕਿ ਹਰਸ਼ਲ ਉਸੇ ਜ਼ਿਲੇ ਦੇ ਭਦਗਾਓਂ ਦਾ ਨਿਵਾਸੀ ਸਨ। ਘਟਨਾ ਬਾਰੇ ਜਲਗਾਓਂ ਦੇ ਜ਼ਿਲ੍ਹਾ ਮੈਜਿਸਟਰੇਟ ਆਯੂਸ਼ ਪ੍ਰਸਾਦ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਭਾਰਤ ਲਿਆਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ।
ਇਸ ਘਟਨਾ ‘ਤੇ ਮਾਸਕੋ ਸਥਿਤ ਭਾਰਤੀ ਦੂਤਾਵਾਸ ਦਾ ਬਿਆਨ ਵੀ ਸਾਹਮਣੇ ਆਇਆ ਹੈ। ਦੂਤਾਵਾਸ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਹੈ ਕਿ ਅਸੀਂ ਜਲਦੀ ਤੋਂ ਜਲਦੀ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਭੇਜਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਸ ਵਿਦਿਆਰਥੀ ਦੀ ਜਾਨ ਬਚ ਗਈ, ਉਸ ਦਾ ਸਹੀ ਇਲਾਜ ਕੀਤਾ ਜਾ ਰਿਹਾ ਹੈ। ਦੁਖੀ ਪਰਿਵਾਰਾਂ ਨਾਲ ਸਾਡੀ ਹਮਦਰਦੀ ਹੈ। ਅਸੀਂ ਲਾਸ਼ ਨੂੰ ਜਲਦੀ ਤੋਂ ਜਲਦੀ ਪਰਿਵਾਰ ਨੂੰ ਵਾਪਸ ਕਰਨ ਲਈ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ।
ਇਹ ਵੀ ਪੜ੍ਹੋ : ਜੁਲਾਈ ‘ਚ ਹੋਣਗੀਆਂ 4 ਜਮਾਤਾਂ ਦੀਆਂ ਕੰਪਾਰਟਮੈਂਟ ਪ੍ਰੀਖਿਆਵਾਂ, PSEB ਵੱਲੋਂ ਡੇਟਸ਼ੀਟ ਦਾ ਐਲਾਨ
ਘਟਨਾ ਵਿੱਚ ਜਾਨ ਗੁਆਉਣ ਵਾਲੇ ਜ਼ੀਸ਼ਾਨ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਜਦੋਂ ਉਹ ਵੋਲਖੋਵ ਨਦੀ ਵਿੱਚ ਦਾਖਲ ਹੋਏ ਤਾਂ ਜੀਸ਼ਾਨ ਆਪਣੇ ਪਰਿਵਾਰ ਨਾਲ ਵੀਡੀਓ ਕਾਲ ‘ਤੇ ਸੀ। ਇਸ ਦੌਰਾਨ ਉਸ ਦੇ ਪਿਤਾ ਅਤੇ ਪਰਿਵਾਰਕ ਮੈਂਬਰ ਉਸ ਨੂੰ ਵਾਰ-ਵਾਰ ਨਦੀ ਵਿੱਚੋਂ ਬਾਹਰ ਆਉਣ ਲਈ ਕਹਿ ਰਹੇ ਸਨ, ਇਸੇ ਦੌਰਾਨ ਤੇਜ਼ ਲਹਿਰ ਆਈ ਅਤੇ ਉਹ ਡੂੰਘੇ ਪਾਣੀ ਵਿੱਚ ਚਲਾ ਗਿਆ।
ਯੂਨੀਵਰਸਿਟੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀ ਸ਼ਾਮ ਨੂੰ ਪੜ੍ਹਾਈ ਕਰਨ ਤੋਂ ਬਾਅਦ ਆਪਣੇ ਖਾਲੀ ਸਮੇਂ ਵਿੱਚ ਵੋਲਖੋਵ ਨਦੀ ਦੇ ਨਾਲ ਸੈਰ ਕਰ ਰਹੇ ਸਨ। ਇਹ ਹਾਦਸਾ ਅਚਾਨਕ ਸੀ। ਘਟਨਾ ‘ਚ ਨਿਸ਼ਾ ਭੁਪੇਸ਼ ਸੋਨਾਵਣੇ ਦੀ ਜਾਨ ਬਚ ਗਈ। ਉਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: