ਗੁਰਦਾਸਪੁਰ : ਥਾਣਾ ਦੋਰਾਂਗਲਾ ਅਧੀਨ ਪੈਂਦੇ ਪਿੰਡ ਦਬੂੜੀ ਦੇ ਇਕ ਪਰਿਵਾਰ ਨੇ ਲੱਖਾਂ ਰੁਪਏ ਖਰਚ ਕੇ ਆਪਣੀ ਨੂੰਹ ਨੂੰ ਕੈਨੇਡਾ ਭੇਜ ਦਿੱਤਾ ਪਰ ਕੁੜੀ ਨੇ ਵਿਦੇਸ਼ ਜਾ ਕੇ ਮੁੰਡੇ ਨੂੰ ਉਥੇ ਬੁਲਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਮੁੰਡਾ ਆਪਣੇ ਖਰਚੇ ‘ਤੇ ਕੁੜੀ ਦੀ ਮਰਜ਼ੀ ਤੋਂ ਬਗੈਰ ਕੈਨੇਡਾ ਗਿਆ ਤਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਸ ਤੋਂ ਦੁਖੀ ਹੋ ਕੇ ਪਰਿਵਾਰ ਨੇ ਕੁੜੀ ਦੇ ਪਰਿਵਾਰ ਵਾਲਿਆਂ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸਬੰਧੀ ਪਿੰਡ ਦਬੂੜੀ ਦੇ ਰਹਿਣ ਵਾਲੇ ਰਛਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਜੁਗਰਾਜ ਸਿੰਘ ਦਾ ਅਮਨਦੀਪ ਕੌਰ ਨਾਲ ਜਨਵਰੀ 2018 ਵਿੱਚ ਲਵ ਮੈਰਿਜ ਹੋਈ ਸੀ।
ਕੁੜੀ ਦੇ ਪਰਿਵਾਰ ਨਾਲ ਹੋਏ ਸਮਝੌਤੇ ਮੁਤਾਬਕ ਅਮਨਦੀਪ ਕੌਰ ਨੇ ਆਈਲੈਟਸ ਕਰਾਉਣ ਤੋਂ ਬਾਅਦ ਉਸ ਨੂੰ ਪਹਿਲਾਂ ਅਮਰੀਕਾ ਅਤੇ ਫਿਰ ਨਿਊਜ਼ੀਲੈਂਡ ਭੇਜਣ ਲਈ ਫਾਈਲ ਦਿੱਤੀ ਪਰ ਗੱਲ ਸਿਰੇ ਨਹੀਂ ਚੜ੍ਹੀ। ਮਾਰਚ 2019 ਵਿੱਚ ਉਸ ਦੀ ਨੂੰਹ ਦੀ ਕੈਨੇਡੀਅਨ ਫਾਈਲ ਲਗ ਗਈ ਅਤੇ ਲੱਖਾਂ ਰੁਪਏ ਦੇ ਕੇ ਉਸ ਨੂੰ ਕੈਨੇਡਾ ਭੇਜ ਦਿੱਤਾ ਗਿਆ। ਕੁਝ ਮਹੀਨਿਆਂ ਬਾਅਦ ਉਹ ਵਾਪਸ ਆਈ ਅਤੇ ਇਕ ਮਹੀਨਾ ਪਰਿਵਾਰ ਨਾਲ ਰਹਿਣ ਤੋਂ ਬਾਅਦ ਉਹ ਫਿਰ ਕੈਨੇਡਾ ਚਲੀ ਗਈ ਅਤੇ ਵਾਅਦਾ ਕੀਤਾ ਕਿ ਜਲਦੀ ਹੀ ਉਹ ਜੁਗਰਾਜ ਸਿੰਘ ਨੂੰ ਵੀ ਕੈਨੇਡਾ ਬੁਲਾਏਗੀ।
ਇਸ ਤੋਂ ਬਾਅਦ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਅਮਨਦੀਪ ਕੌਰ ਨੇ ਜੁਗਰਾਜ ਸਿੰਘ ਨੂੰ ਕੈਨੇਡਾ ਨਹੀਂ ਬੁਲਾਇਆ, ਇਸ ਲਈ ਕੁੜੀ ਦੇ ਰਿਸ਼ਤੇਦਾਰਾਂ ਨਾਲ ਸਲਾਹ ਕਰਕੇ ਉਨ੍ਹਾਂ ਨੇ ਆਪਣੇ ਖਰਚੇ ‘ਤੇ ਜੁਗਰਾਜ ਸਿੰਘ ਨੂੰ ਕੈਨੇਡਾ ਭੇਜ ਦਿੱਤਾ, ਪਰ ਅਮਨਦੀਪ ਉਸ ਨੂੰ ਏਅਰਪੋਰਟ ‘ਤੇ ਲੈਣ ਨਹੀਂ ਆਈ ਅਤੇ ਨਾ ਹੀ ਉਸ ਨੂੰ ਆਪਣੇ ਨਾਲ ਰੱਖਣ ਨੂੰ ਤਿਆਰ ਹੋਈ। ਇਸ ਦੇ ਨਾਲ ਹੀ ਜੁਗਰਾਜ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ।
ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ : ਲੱਖਾਂ ਦੀ ਨਕਦੀ ਸਣੇ 3 ਲੁਟੇਰੇ ਕਾਬੂ, ਫਾਈਨਾਂਸ ਕਰਮਚਾਰੀ ਨੂੰ ਬਣਾਇਆ ਸੀ ਸ਼ਿਕਾਰ
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜੁਗਰਾਜ ਕੈਨੇਡਾ ਵਿਚ ਆਪਣੇ ਰਿਸ਼ਤੇਦਾਰਾਂ ਕੋਲ ਚਲਾ ਗਿਆ ਅਤੇ ਇਸ ਦੁੱਖ ਕਾਰਨ ਉਹ ਮਾਨਸਿਕ ਤੌਰ ‘ਤੇ ਬੀਮਾਰ ਹੋ ਗਿਆ, ਜਿਸ ਤੋਂ ਬਾਅਦ ਉਹ ਆਪਣੇ ਖਰਚੇ ‘ਤੇ ਉਸ ਨੂੰ ਵਾਪਸ ਭਾਰਤ ਲੈ ਆਏ ਅਤੇ ਹੁਣ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਮਾਮਲੇ ਸਬੰਧੀ ਡੀ.ਐਸ.ਪੀ. ਦਰਜਾਬੰਦੀ ਦੇ ਅਧਿਕਾਰੀ ਵੱਲੋਂ ਜਾਂਚ ਤੋਂ ਬਾਅਦ ਅਮਨਦੀਪ ਕੌਰ ਅਤੇ ਉਸ ਦੇ ਮਾਪਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।