ਮੋਗਾ ਦੀ ਰਾਮਗੰਜ ਮੰਡੀ ‘ਚ ਅੱਜ ਸੋਮਵਾਰ ਦੁਪਹਿਰ ਨੂੰ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। 5 ਬਦਮਾਸ਼ਾਂ ਨੇ ਦਿਨ-ਦਿਹਾੜੇ ਇਕ ਸੁਨਿਆਰੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਲੁਟੇਰੇ ਗਾਹਕ ਬਣ ਕੇ ਸ਼ੋਅਰੂਮ ਪਹੁੰਚੇ ਸਨ। ਕਿੰਨਾ ਸੋਨਾ ਲੁਟਿਆ ਗਿਆ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਪਰ ਉਦੋਂ ਤੱਕ ਲੁਟੇਰੇ ਫਰਾਰ ਹੋ ਚੁੱਕੇ ਸਨ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਗੁੱਸੇ ਵਿੱਚ ਆਏ ਲੋਕਾਂ ਨੇ ਧਰਨਾ ਦਿੱਤਾ।
ਸੋਮਵਾਰ ਦੁਪਹਿਰ 2.15 ਵਜੇ ਰਾਮਗੰਜ ਸਥਿਤ ਏਸ਼ੀਆ ਜਵੈਲਰਜ਼ ‘ਚ 5 ਗਾਹਕ ਆਏ। ਇੱਥੇ ਉਨ੍ਹਾਂ ਨੇ ਸੋਨੇ ਦੇ ਗਹਿਣੇ ਦਿਖਾਉਣ ਲਈ ਕਿਹਾ। ਸੁਨਿਆਰੇ ਵਿੱਕੀ ਨੇ ਉਨ੍ਹਾਂ ਨੂੰ ਗਹਿਣੇ ਦਿਖਾਏ। ਇਸ ਤੋਂ ਬਾਅਦ ਉਨ੍ਹਾਂ ਨੇ ਬਿੱਲ ਤਿਆਰ ਕਰਨ ਲਈ ਕਿਹਾ। ਜਦੋਂ ਵਿੱਕੀ ਬਿੱਲ ਬਣਾਉਣ ਲਈ ਮੁੜਿਆ ਤਾਂ ਪੈਸੇ ਦੇਣ ਦੀ ਬਜਾਏ ਲੁਟੇਰਿਆਂ ਨੇ ਵਿੱਕੀ ਨੂੰ ਗੋਲੀ ਮਾਰ ਦਿੱਤੀ।
ਗੋਲੀ ਦੀ ਆਵਾਜ਼ ਸੁਣਦੇ ਹੀ ਬਾਜ਼ਾਰ ‘ਚ ਹਫੜਾ-ਦਫੜੀ ਮਚ ਗਈ। ਆਲੇ-ਦੁਆਲੇ ਦੇ ਦੁਕਾਨਦਾਰ ਅਤੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਇਹ ਦੇਖ ਕੇ ਲੁਟੇਰੇ ਆਪਣੇ ਪਸੰਦ ਕੀਤੇ ਗਹਿਣੇ ਲੈ ਕੇ ਭੱਜ ਗਏ।
ਪੁਲਿਸ ਜਾਂਚ ਮੁਤਾਬਕ ਸੁਨਿਆਰੇ ਵਿੱਕੀ ਨੇ ਬਦਮਾਸ਼ਾਂ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕੀਤੀ। ਲੁਟੇਰਿਆਂ ‘ਤੇ ਜਵਾਬੀ ਗੋਲੀਬਾਰੀ ਕਰਨ ਲਈ ਉਸ ਨੇ ਆਪਣੀ ਪਿਸਤੌਲ ਕੱਢ ਲਈ, ਪਰ ਲੁਟੇਰਿਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਹ ਹਮਲਾ ਕਰਨ ‘ਚ ਸਫਲ ਨਹੀਂ ਹੋ ਸਕਿਆ।
ਸੁਨਿਆਰੇ ਦੇ ਕਤਲ ਦਾ ਪਤਾ ਲੱਗਦੇ ਹੀ ਪੂਰੇ ਬਾਜ਼ਾਰ ਵਿੱਚ ਸੋਗ ਫੈਲ ਗਿਆ। ਸਰਾਫਾ ਬਾਜ਼ਾਰ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਮੂਵਾਲੀਆ ਅਤੇ ਸਕੱਤਰ ਯਸ਼ਪਾਲ ਪਾਲੀ ਦੀ ਅਗਵਾਈ ਹੇਠ ਮੋਗਾ ਦੇ ਬਾਜ਼ਾਰ ਬੰਦ ਰੱਖੇ ਗਏ। ਉਨ੍ਹਾਂ ਕਾਤਲਾਂ ਦੀ ਜਲਦੀ ਗ੍ਰਿਫ਼ਤਾਰੀ ਲਈ ਧਰਨਾ ਵੀ ਦਿੱਤਾ।
ਬਲਵੀਰ ਸਿੰਘ ਰਾਮੂਵਾਲੀਆ, ਸਰਾਫਾ ਬਾਜ਼ਾਰ ਦੇ ਪ੍ਰਧਾਨ ਵਰੁਣ ਭੱਲਾ ਨੇ ਮੌਕੇ ’ਤੇ ਪਹੁੰਚ ਕੇ ਐਸਐਸਪੀ ਨੂੰ ਦੱਸਿਆ ਕਿ ਮਾਰਕੀਟ ਵਿੱਚ 100 ਦੇ ਕਰੀਬ ਸੁਨਿਆਰਿਆਂ ਦੀਆਂ ਦੁਕਾਨਾਂ ਹਨ, ਜਿੱਥੇ ਕਰੋੜਾਂ ਰੁਪਏ ਦਾ ਸੋਨਾ ਪਿਆ ਹੈ ਪਰ ਉਥੇ ਪੀਸੀਆਰ ਮੁਲਾਜ਼ਮ ਆਪਣੀ ਡਿਊਟੀ ਕਰਨ ਦੀ ਬਜਾਏ ਸੈਲਫੀ ਲੈਂਦੇ ਹਨ। ਅਜਿਹੀਆਂ ਘਟਨਾਵਾਂ ਕਾਰਨ ਦੁਕਾਨਦਾਰਾਂ ਵਿੱਚ ਪਹਿਲਾਂ ਹੀ ਦਹਿਸ਼ਤ ਦਾ ਮਾਹੌਲ ਹੈ।
ਇਹ ਵੀ ਪੜ੍ਹੋ : ਦਸੂਹਾ : ਚੰਗੇ ਤੈਰਾਕ 2 ਮੁੰਡਿਆਂ ਦੀ ਨਹਿਰ ‘ਚ ਡੁੱਬ ਕੇ ਮੌਤ, ਕਈ ਡੁੱਬਦਿਆਂ ਦੀਆਂ ਬਚਾ ਚੁੱਕੇ ਸਨ ਜਾਨਾਂ
SSP ਨੇ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਲੁੱਟ ਦੀ ਨੀਅਤ ਨਾਲ ਆਏ ਸਾਰੇ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: