ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮੰਗਲਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਪਾਕਿਸਤਾਨੀ ਰੇਂਜਰਾਂ ਨੇ ਗ੍ਰਿਫਤਾਰ ਕੀਤਾ ਹੈ। ਇਮਰਾਨ ਖਾਨ ਕਈ ਮਾਮਲਿਆਂ ‘ਚ ਜ਼ਮਾਨਤ ਲਈ ਹਾਈਕੋਰਟ ਪਹੁੰਚੇ ਸਨ। ਉਹ ਪਹਿਲੇ ਦਿਨ ਤੋਂ ਹੀ ਫੌਜ ਦੇ ਇਕ ਉੱਚ ਅਧਿਕਾਰੀ ਖਿਲਾਫ ਬਿਆਨਬਾਜ਼ੀ ਕਰ ਰਹੇ ਸਨ।
ਪਾਕਿਸਤਾਨ ਦੇ ਇੱਕ ਅਖਬਾਰ ਨੇ ਖਬਰ ਦਿੱਤੀ ਹੈ ਕਿ ਇਮਰਾਨ ਦੀ ਪਾਰਟੀ ਪੀਟੀਆਈ ਨੇ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਪਾਰਟੀ ਆਗੂ ਮੁਸਰਤ ਚੀਮਾ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਨੂੰ ਇਸ ਵੇਲੇ ਤਸ਼ੱਦਦ ਕੀਤਾ ਜਾ ਰਿਹਾ ਹੈ। ਉਹ ਖਾਨ ਸਾਹਿਬ ਨੂੰ ਮਾਰ ਰਹੇ ਹਨ। ਇਮਰਾਨ ਦੇ ਵਕੀਲ ਦੀ ਵੀਡੀਓ ਪਾਰਟੀ ਦੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਵੀ ਸ਼ੇਅਰ ਕੀਤੀ ਗਈ ਹੈ। ਪਾਰਟੀ ਨੇ ਕਿਹਾ ਕਿ ਇਮਰਾਨ ਨੂੰ ਹਾਈ ਕੋਰਟ ਦੇ ਬਾਹਰ ਬੁਰੀ ਤਰ੍ਹਾਂ ਕੁੱਟਿਆ ਗਿਆ।
ਇਮਰਾਨ ਨੂੰ ਅਲ ਕਾਦਿਰ ਟਰੱਸਟ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਯੂਨੀਵਰਸਿਟੀ ਨਾਲ ਸਬੰਧਤ ਮਾਮਲਾ ਹੈ। ਇਮਰਾਨ ਨੇ ਪ੍ਰਧਾਨ ਮੰਤਰੀ ਵਜੋਂ ਇਸ ਯੂਨੀਵਰਸਿਟੀ ਨੂੰ ਕਰੋੜਾਂ ਰੁਪਏ ਦੀ ਜ਼ਮੀਨ ਗ਼ੈਰ-ਕਾਨੂੰਨੀ ਢੰਗ ਨਾਲ ਦਿੱਤੀ ਸੀ। ਇਸ ਮਾਮਲੇ ਦਾ ਖੁਲਾਸਾ ਪਾਕਿਸਤਾਨ ਦੀ ਸਭ ਤੋਂ ਅਮੀਰ ਸ਼ਖਸੀਅਤ ਮਲਿਕ ਰਿਆਜ਼ ਨੇ ਕੀਤਾ ਸੀ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਕੋਲ ਧਮਾਕਿਆਂ ‘ਤੇ ਗ੍ਰਹਿ ਮੰਤਰਾਲਾ ਸਖਤ, ਸ਼ਾਮ ਤੱਕ ਮੰਗੀ ਰਿਪੋਰਟ
ਉਨ੍ਹਾਂ ਦੋਸ਼ ਲਾਇਆ ਸੀ ਕਿ ਇਮਰਾਨ ਅਤੇ ਉਨ੍ਹਾਂ ਦੀ ਪਤਨੀ ਨੇ ਗ੍ਰਿਫਤਾਰੀ ਦਾ ਡਰ ਦਿਖਾ ਕੇ ਅਰਬਾਂ ਰੁਪਏ ਦੀ ਜ਼ਮੀਨ ਆਪਣੇ ਨਾਂ ਕਰਵਾ ਲਈ। ਬਾਅਦ ਵਿੱਚ ਰਿਆਜ਼ ਅਤੇ ਉਨ੍ਹਾਂ ਦੀ ਧੀ ਦੀ ਗੱਲਬਾਤ ਦਾ ਇੱਕ ਆਡੀਓ ਲੀਕ ਹੋਇਆ ਸੀ। ਇਸ ‘ਚ ਰਿਆਜ਼ ਦੀ ਧੀ ਦਾ ਕਹਿਣਾ ਹੈ ਕਿ ਇਮਰਾਨ ਦੀ ਪਤਨੀ ਬੁਸ਼ਰਾ ਬੀਬੀ ਲਗਾਤਾਰ ਉਸ ਤੋਂ ਪੰਜ ਕੈਰੇਟ ਦੀ ਹੀਰੇ ਦੀ ਅੰਗੂਠੀ ਮੰਗ ਰਹੀ ਹੈ। ਇਸ ‘ਤੇ ਰਿਆਜ਼ ਦਾ ਕਹਿਣਾ ਹੈ ਕਿ ਜੇ ਉਹ ਸਭ ਕੁਝ ਕਰ ਦਿੰਦੀ ਹੈ ਤਾਂ ਉਸ ਨੂੰ ਪੰਜ ਕੈਰੇਟ ਦੀ ਅੰਗੂਠੀ ਦੇ ਦਿਓ।
ਵੀਡੀਓ ਲਈ ਕਲਿੱਕ ਕਰੋ -: