ਸੂਡਾਨ ਦੀ ਰਾਜਧਾਨੀ ਖਾਰਤੂਮ ਵਿੱਚ ਫੌਜ ਅਤੇ ਅਰਧ ਸੈਨਿਕ ਬਲਾਂ ਵਿਚਾਲੇ ਚੱਲ ਰਹੀ ਲੜਾਈ ਨੂੰ 2 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਦੌਰਾਨ ਮਾਇਓਗਮਾ ਨਾਮ ਦੇ ਅਨਾਥ ਆਸ਼ਰਮ ਵਿੱਚ 60 ਬੱਚਿਆਂ ਦੀ ਭੁੱਖ ਅਤੇ ਪਿਆਸ ਕਾਰਨ ਮੌਤ ਹੋ ਗਈ ਹੈ। ਮੀਡੀਆ ਰਿਪੋਰਟ ਮੁਤਾਬਕ ਮਰਨ ਵਾਲੇ ਬੱਚਿਆਂ ਵਿੱਚ 3 ਮਹੀਨੇ ਦੇ ਨਵਜੰਮੇ ਬੱਚੇ ਵੀ ਸ਼ਾਮਲ ਹਨ। ਪਿਛਲੇ ਦੋ ਹਫ਼ਤਿਆਂ ਵਿੱਚ 26 ਬੱਚਿਆਂ ਦੀ ਮੌਤ ਹੋਣ ਦੀ ਸੂਚਨਾ ਹੈ।
ਦੱਸ ਦੇਈਏ ਕਿ ਲੜਾਈ ਕਾਰਨ ਸੂਡਾਨ ਵਿੱਚ ਸਪਲਾਈ ਚੇਨ ਠੱਪ ਹੋ ਗਈ ਹੈ। ਜਿਸ ਕਾਰਨ ਲੋਕਾਂ ਨੂੰ ਭੋਜਨ ਨਹੀਂ ਮਿਲ ਰਿਹਾ। ਅਨਾਥ ਆਸ਼ਰਮ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਮਰ ਰਹੇ ਬੱਚਿਆਂ ਦੀ ਵੀਡੀਓ ਬਣਾ ਕੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ। ਵੀਡੀਓ ‘ਚ ਚਿੱਟੇ ਕੱਪੜਿਆਂ ‘ਚ ਲਪੇਟੀਆਂ ਹੋਈਆਂ ਨਵਜੰਮੀਆਂ ਲਾਸ਼ਾਂ ਦਿਖਾਈ ਦੇ ਰਹੀਆਂ ਹਨ।
ਮੀਡੀਆ ਰਿਪੋਰਟ ਮੁਤਾਬਕ ਜੰਗ ਅਤੇ ਦੇਖਭਾਲ ਕੇਂਦਰਾਂ ਤੋਂ ਪਰੇਸ਼ਾਨ ਲੋਕ ਬੱਚਿਆਂ ਨੂੰ ਅਨਾਥ ਆਸ਼ਰਮਾਂ ਵਿੱਚ ਛੱਡ ਰਹੇ ਹਨ। ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਮਾਇਓਗਾਮਾ ਅਨਾਥ ਆਸ਼ਰਮ ਵਿੱਚ 400 ਬੱਚੇ ਹਨ। ਜਦਕਿ ਇਨ੍ਹਾਂ ਦੀ ਦੇਖਭਾਲ ਲਈ ਸਿਰਫ਼ 20 ਮੁਲਾਜ਼ਮ ਹਨ। ਉੱਥੇ ਕੰਮ ਕਰਨ ਵਾਲੇ ਡਾਕਟਰ ਦਾ ਕਹਿਣਾ ਹੈ ਕਿ ਨਵਜੰਮੇ ਬੱਚਿਆਂ ਨੂੰ ਹਰ ਤਿੰਨ ਘੰਟੇ ਬਾਅਦ ਦੁੱਧ ਪਿਲਾਉਣਾ ਪੈਂਦਾ ਹੈ, ਪਰ ਉਨ੍ਹਾਂ ਕੋਲ ਲੋਕ ਨਹੀਂ ਹਨ।
ਇਹ ਵੀ ਪੜ੍ਹੋ : ਕਰਨਾਟਕ ‘ਚ IAF ਦਾ ਸਿਖਲਾਈ ਜਹਾਜ਼ ਹੋਇਆ ਕ੍ਰੈਸ਼, ਵਾਲ-ਵਾਲ ਬਚੇ ਦੋਵੇਂ ਪਾਇਲਟ
ਮਾਇਓਗਾਮਾ ਲਈ ਕੰਮ ਕਰਨ ਵਾਲੇ ਇੱਕ ਡਾਕਟਰ ਨੇ ਦੱਸਿਆ ਹੈ ਕਿ ਉੱਥੇ ਰੋਜ਼ਾਨਾ ਬੱਚੇ ਮਰ ਰਹੇ ਹਨ। ਇਨ੍ਹਾਂ ਨੂੰ ਬਚਾਉਣ ਲਈ ਲੋਕਾਂ ਨੂੰ ਆਨਲਾਈਨ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ ਹੈ। ਸੂਡਾਨ ਦੀ ਜੰਗ ਵਿੱਚ ਹੁਣ ਤੱਕ 700 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ 190 ਬੱਚੇ ਵੀ ਸ਼ਾਮਲ ਹਨ। ਇਸ ਦੇ ਨਾਲ ਹੀ 13 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: