ਤਾਲਿਬਾਨੀਆਂ ਨੇ ਅਫਗਾਨਿਸਤਾਨ ਵਿੱਚ ਔਰਤਾਂ ‘ਤੇ ਇਸ ਵਾਰ ਸਖਤ ਪਾਬੰਦੀ ਲਾਉਣ ਦਾ ਫਰਮਾਨ ਜਾਰੀ ਕੀਤਾ ਹੈ। ਅਜੇ ਤੱਕ ਔਰਤਾਂ ਦੇ ਕੰਮ ਕਰਨ, ਪੜ੍ਹਣ, ਕੱਪੜਿਆਂ ‘ਤੇ ਪਾਬੰਦੀ ਲਾਈ ਜਾ ਚੁੱਕੀ ਹੈ ਤੇ ਹੁਣ ਉਨ੍ਹਾਂ ਦੇ ਸ਼ੌਂਕ ਯਾਨੀ ਸੁੰਦਰਤਾ ਨੂੰ ਲੈ ਕੇ ਫਰਮਾਨ ਜਾਰੀ ਕੀਤਾ ਗਿਆ ਹੈ। ਇੱਕ ਨਵੇਂ ਜ਼ੁਬਾਨੀ ਫ਼ਰਮਾਨ ਵਿੱਚ ਤਾਲਿਬਾਨ ਨੇ ਕਾਬੁਲ ਅਤੇ ਦੇਸ਼ ਭਰ ਦੇ ਹੋਰ ਸੂਬਿਆਂ ਵਿੱਚ ਔਰਤਾਂ ਦੇ ਬਿਊਟੀ ਸੈਲੂਨਾਂ ‘ਤੇ ਪਾਬੰਦੀ ਲਾ ਦਿੱਤੀ ਹੈ।
ਇੱਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਤਾਲਿਬਾਨ ਦੇ ‘ਬੁਰਾਈ ਰੋਕਣ ਤੇ ਸਦਾਚਾਰ ਫੈਲਾਉਣ ਵਾਲੇ’ ਮੰਤਰਾਲੇ ਦੇ ਬੁਲਾਰੇ ਮੁਹੰਮਦ ਆਕੀਫ਼ ਮਹਾਜ਼ਰ ਨੇ ਇੱਕ ਨਿਊਜ਼ ਚੈਨਲ ਨੂੰ ਇਹ ਜਾਣਕਾਰੀ ਦਿੱਤੀ ਹੈ। ਮੰਤਰਲੇ ਨੇ ਕਾਬੁਲ ਨਗਰ ਪਾਲਿਕਾ ਨੂੰ ਨਵੇਂ ਫਰਮਾਨ ਨੂੰ ਲਾਗੂ ਕਰਨ ਤੇ ਔਰਤਾਂ ਦੇ ਬਿਊਟੀ ਸੈਲੂਨ ਦੇ ਲਾਇਸੈਂਸ ਰੱਦ ਕਰਨ ਦਾ ਵੀ ਹੁਕਮ ਦਿੱਤਾ ਹੈ।
ਨਿਊਜ਼ ਚੈਨਲ ਮੁਤਾਬਕ ਮੇਕਅਪ ਆਰਟਿਸਟ ਰੇਹਾਨ ਮੁਬਾਰਿਜ਼ ਨੇ ਕਿਹਾ ਕਿ ਮਰਦ ਬੇਰੋਜ਼ਗਾਰ ਹਨ। ਜਦੋਂ ਮਰਦ ਆਪਣੇ ਪਰਿਵਾਰ ਦੀ ਦੇਖਭਾਲ ਨਹੀਂ ਕਰ ਸਕਦੇ ਤਾਂ ਔਰਤਾਂ ਨੂੰ ਰੋਟੀ ਦੀ ਭਾਲ ਵਿੱਚ ਬਿਊਟੀ ਸੈਲੂਨ ਵਿੱਚ ਕੰਮ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਜੇ ਉਨ੍ਹਾਂ ‘ਤੇ ਪਾਬੰਦੀ ਲਾ ਦਿੱਤੀ ਜਾਂਦੀ ਹੈ ਤਾਂ ਅਸੀਂ ਕੀ ਕਰੀਏ?
ਇੱਕ ਮੇਕਅੱਪ ਆਰਟਿਸਟ ਨੇ ਕਿਹਾ, ‘ਜੇ (ਪਰਿਵਾਰ ਦੇ) ਮਰਦਾਂ ਕੋਲ ਨੌਕਰੀਆਂ ਹਨ, ਤਾਂ ਅਸੀਂ ਘਰ ਤੋਂ ਬਾਹਰ ਨਹੀਂ ਨਿਕਲਾਂਗੇ। ਅਸੀਂ ਕੀ ਕਰ ਸਕਦੇ ਹਾਂ? ਅਸੀਂ ਭੁੱਖੇ ਮਰ ਜਾਣਾ ਹੈ, ਅਸੀਂ ਕੀ ਕਰੀਏ? ਤੁਸੀਂ ਚਾਹੁੰਦੇ ਹੋ ਕਿ ਅਸੀਂ ਮਰ ਜਾਈਏ।’
ਕਾਬੁਲ ਨਿਵਾਸੀ ਅਬਦੁਲ ਖਬੀਰ ਨੇ ਕਿਹਾ, “ਸਰਕਾਰ ਨੂੰ ਇਸ ਲਈ ਇੱਕ ਢਾਂਚਾ ਬਣਾਉਣਾ ਚਾਹੀਦਾ ਹੈ। ਢਾਂਚਾ ਅਜਿਹਾ ਹੋਣਾ ਚਾਹੀਦਾ ਹੈ ਕਿ ਨਾ ਤਾਂ ਇਸਲਾਮ ਅਤੇ ਨਾ ਹੀ ਦੇਸ਼ ਨੂੰ ਕੋਈ ਨੁਕਸਾਨ ਹੋਵੇ।
ਇਹ ਵੀ ਪੜ੍ਹੋ : ਲੋਕਾਂ ਨੂੰ ਫੇਰ ਮਹਿੰਗਾਈ ਦਾ ਝਟਕਾ, LPG ਗੈਸ ਸਿਲੰਡਰ ਕੀਮਤਾਂ ‘ਚ ਹੋਇਆ ਵਾਧਾ, ਜਾਣੋ ਰੇਟ
ਅਹਿਮ ਗੱਲ ਇਹ ਹੈ ਕਿ ਅਗਸਤ 2021 ਵਿੱਚ ਅਫਗਾਨਿਸਤਾਨ ਤੋਂ ਅਮਰੀਕੀ ਅਤੇ ਨਾਟੋ ਸੈਨਿਕਾਂ ਦੇ ਰਵਾਨਾ ਹੋਣ ਤੋਂ ਬਾਅਦ, ਤਾਲਿਬਾਨ ਨੇ ਦੇਸ਼ ਵਿੱਚ ਸੱਤਾ ‘ਤੇ ਕਬਜ਼ਾ ਕਰ ਲਿਆ ਅਤੇ 1990 ਦੇ ਦਹਾਕੇ ਵਿੱਚ ਆਪਣੀ ਪਿਛਲੀ ਸਰਕਾਰ ਨਾਲੋਂ ਵਧੇਰੇ ਮੱਧਮ ਸ਼ਾਸਨ ਪ੍ਰਦਾਨ ਕਰਨ ਦਾ ਵਾਅਦਾ ਕੀਤਾ।
ਹਾਲਾਂਕਿ ਤਾਲਿਬਾਨ ਨੇ ਇਹ ਵਾਅਦਾ ਪੂਰਾ ਨਾ ਕਰਦੇ ਹੋਏ ਔਰਤਾਂ ‘ਤੇ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸਲਾਮਿਕ ਅਮੀਰਾਤ ਨੇ ਕੁੜੀਆਂ ਅਤੇ ਔਰਤਾਂ ਨੂੰ ਸਕੂਲਾਂ, ਯੂਨੀਵਰਸਿਟੀਆਂ ਵਿਚ ਜਾਣ ਅਤੇ ਗੈਰ ਸਰਕਾਰੀ ਸੰਗਠਨਾਂ ਵਿਚ ਕੰਮ ਕਰਨ ਦੇ ਨਾਲ-ਨਾਲ ਪਾਰਕਾਂ, ਸਿਨੇਮਾਘਰਾਂ ਅਤੇ ਹੋਰ ਮਨੋਰੰਜਨ ਖੇਤਰਾਂ ਵਰਗੇ ਜਨਤਕ ਖੇਤਰਾਂ ਵਿਚ ਜਾਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਤਾਲਿਬਾਨ ਵੱਲੋਂ ਅਫਗਾਨ ਕੁੜੀਆਂ ਅਤੇ ਔਰਤਾਂ ‘ਤੇ ਪਾਬੰਦੀ ਦੀ ਕੌਮਾਂਤਰੀ ਪੱਧਰ ‘ਤੇ ਆਲੋਚਨਾ ਹੋ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: